ਬਠਿੰਡਾ: ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਨਸ਼ਾ ਤਸਕਰੀ ਨਾਲ ਜੁੜੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਹੈ। ਇਸੇ ਤਹਿਤ ਸੋਮਵਾਰ ਨੂੰ ਬਠਿੰਡਾ ਦੇ ਧੋਬੀਆਣਾ ਬਸਤੀ ਸਥਿਤ ਪ੍ਰੀਤ ਨਗਰ ਵਿੱਚ ਇੱਕ ਮਹਿਲਾ ਮੁਲਜ਼ਮ ਵੱਲੋਂ ਗੈਰ-ਕਾਨੂੰਨੀ ਤੌਰ ‘ਤੇ ਬਣਾਈ ਗਈ ਇਮਾਰਤ ਨੂੰ ਸਿਵਲ ਪ੍ਰਸ਼ਾਸਨ ਨੇ ਪੁਲਿਸ ਦੀ ਮੌਜੂਦਗੀ ਵਿੱਚ ਬੁਲਡੋਜ਼ਰ ਚਲਾ ਕੇ ਢਾਹ ਦਿੱਤਾ।
ਪੁਲਿਸ ਅਨੁਸਾਰ ਮਨਜੀਤ ਕੌਰ ਉਰਫ਼ ਬੀਰਾ ਪਤਨੀ ਚਰਨਜੀਤ ਸਿੰਘ, ਵਾਸੀ ਧੋਬੀਆਣਾ ਬਸਤੀ ਪ੍ਰੀਤ ਨਗਰ, ਨੇ ਕਥਿਤ ਤੌਰ ‘ਤੇ ਇਹ ਇਮਾਰਤ ਗੈਰ-ਕਾਨੂੰਨੀ ਢੰਗ ਨਾਲ ਬਣਾਈ ਸੀ। ਪੁਲਿਸ ਰਿਕਾਰਡ ਮੁਤਾਬਕ ਮਨਜੀਤ ਕੌਰ ਖ਼ਿਲਾਫ਼ ਐਨਡੀਪੀਐੱਸ ਐਕਟ ਤਹਿਤ ਪਹਿਲਾਂ ਹੀ 10 ਮਾਮਲੇ ਦਰਜ ਹਨ।
ਇਸ ਸਬੰਧੀ ਸਮਰੱਥ ਅਥਾਰਟੀ ਡਿਪਟੀ ਕਮਿਸ਼ਨਰ-ਕਮ-ਮੈਜਿਸਟਰੇਟ ਵੱਲੋਂ ਕਾਰਵਾਈ ਦੌਰਾਨ ਸੁਰੱਖਿਆ ਪ੍ਰਬੰਧ ਯਕੀਨੀ ਬਣਾਉਣ ਦੇ ਹੁਕਮ ਜਾਰੀ ਕੀਤੇ ਗਏ ਸਨ। ਇਸ ਤੋਂ ਬਾਅਦ ਸਿਵਲ ਪ੍ਰਸ਼ਾਸਨ ਨੇ ਪੁਲਿਸ ਸੁਰੱਖਿਆ ਹੇਠ ਗੈਰ-ਕਾਨੂੰਨੀ ਇਮਾਰਤ ਨੂੰ ਢਾਹ ਦਿੱਤਾ।
ਐੱਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਸਬੰਧਤ ਮਹਿਲਾ ਨੂੰ ਕਈ ਵਾਰ ਨੋਟਿਸ ਜਾਰੀ ਕਰਕੇ ਗੈਰ-ਕਾਨੂੰਨੀ ਉਸਾਰੀ ਹਟਾਉਣ ਅਤੇ ਜਗ੍ਹਾ ਖਾਲੀ ਕਰਨ ਲਈ ਕਿਹਾ ਗਿਆ ਸੀ, ਪਰ ਉਸ ਨੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ। ਇਸ ਕਾਰਨ ਪ੍ਰਸ਼ਾਸਨ ਨੂੰ ਬੁਲਡੋਜ਼ਰ ਰਾਹੀਂ ਕਾਰਵਾਈ ਕਰਨੀ ਪਈ।
ਉਨ੍ਹਾਂ ਦੱਸਿਆ ਕਿ ਬਠਿੰਡਾ ਪੁਲਿਸ ਦੇ ਸਹਿਯੋਗ ਨਾਲ ਸਿਵਲ ਪ੍ਰਸ਼ਾਸਨ ਹੁਣ ਤੱਕ ਨਸ਼ਾ ਤਸਕਰੀ ਨਾਲ ਜੁੜੇ ਦੋਸ਼ੀਆਂ ਦੀਆਂ 19 ਗੈਰ-ਕਾਨੂੰਨੀ ਇਮਾਰਤਾਂ ਨੂੰ ਢਾਹ ਚੁੱਕਾ ਹੈ। ਪੁਲਿਸ ਮੁਤਾਬਕ 1 ਮਾਰਚ 2025 ਤੋਂ ਹੁਣ ਤੱਕ ਜ਼ਿਲ੍ਹੇ ਵਿੱਚ ਐਨਡੀਪੀਐੱਸ ਐਕਟ ਤਹਿਤ 2,881 ਮਾਮਲੇ ਦਰਜ ਕੀਤੇ ਗਏ ਹਨ ਅਤੇ 4,161 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚ 105 ਵੱਡੇ ਨਸ਼ਾ ਤਸਕਰ ਵੀ ਸ਼ਾਮਲ ਹਨ।
ਇਸ ਤੋਂ ਇਲਾਵਾ ਸਾਲ 2023 ਤੋਂ ਹੁਣ ਤੱਕ 90 ਦੋਸ਼ੀਆਂ ਦੀਆਂ ਕਰੀਬ 14.70 ਕਰੋੜ ਰੁਪਏ ਮੁੱਲ ਦੀਆਂ ਜਾਇਦਾਦਾਂ ਫ੍ਰੀਜ਼ ਕਰਵਾਈਆਂ ਜਾ ਚੁੱਕੀਆਂ ਹਨ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਸਹਿਯੋਗ ਦੇਣ ਅਤੇ ਜੇਕਰ ਕਿਸੇ ਖੇਤਰ ਵਿੱਚ ਨਸ਼ਾ ਤਸਕਰੀ ਜਾਂ ਨਸ਼ੀਲੇ ਪਦਾਰਥਾਂ ਦੇ ਗੈਰ-ਕਾਨੂੰਨੀ ਕਾਰੋਬਾਰ ਸਬੰਧੀ ਜਾਣਕਾਰੀ ਹੋਵੇ ਤਾਂ ਪੰਜਾਬ ਸਰਕਾਰ ਦੀ ਐਂਟੀ ਡਰੱਗ ਹੈਲਪਲਾਈਨ 97791-00200 ਜਾਂ ਬਠਿੰਡਾ ਪੁਲਿਸ ਦੀ ਐਂਟੀ ਡਰੱਗ ਹੈਲਪਲਾਈਨ 91155-02252 ‘ਤੇ ਸੂਚਨਾ ਦੇਣ। ਪੁਲਿਸ ਨੇ ਭਰੋਸਾ ਦਿੱਤਾ ਕਿ ਸੂਚਨਾ ਦੇਣ ਵਾਲੇ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।
