–ਪਹਿਰਾਵੇ ਅਤੇ ਡਾਂਸ ‘ਤੇ ਜਤਾਈ ਇਤਰਾਜ਼
ਲੁਧਿਆਣਾ: ਸ਼ਹਿਰ ਦੇ ਰੋਜ਼ ਗਾਰਡਨ ਵਿੱਚ ਸੋਸ਼ਲ ਮੀਡੀਆ ਲਈ ਰੀਲ ਬਣਾ ਰਹੀਆਂ ਮਾਂ-ਧੀ ਨੂੰ ਕੁਝ ਨਿਹੰਗ ਸਿੰਘਾਂ ਵੱਲੋਂ ਰੋਕ ਕੇ ਇਤਰਾਜ਼ ਜਤਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਮਾਂ-ਧੀ ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲ੍ਹੇ ਦੀ ਰਹਿਣ ਵਾਲੀਆਂ ਹਨ ਅਤੇ ਕੁਝ ਦਿਨ ਪਹਿਲਾਂ ਹੀ ਪੰਜਾਬ ਆਈਆਂ ਸਨ। ਐਤਵਾਰ ਨੂੰ ਉਹ ਆਪਣੇ ਰਿਸ਼ਤੇਦਾਰਾਂ ਨਾਲ ਰੋਜ਼ ਗਾਰਡਨ ਘੁੰਮਣ ਪਹੁੰਚੀਆਂ ਸਨ। ਇਸ ਦੌਰਾਨ ਦੋਵੇਂ ਸੋਸ਼ਲ ਮੀਡੀਆ ਲਈ ਡਾਂਸ ਦੀ ਰੀਲ ਬਣਾ ਰਹੀਆਂ ਸਨ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਲੜਕੀ ਨੇ ਸਲੀਵਲੈੱਸ ਟਾਪ ਅਤੇ ਲਹਿੰਗਾ ਪਾਇਆ ਹੋਇਆ ਸੀ।
ਵਾਇਰਲ ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਕੁਝ ਨਿਹੰਗ ਸਿੰਘ ਦੋਵਾਂ ਕੋਲ ਪਹੁੰਚੇ ਅਤੇ ਪਾਰਕ ਵਿੱਚ ਇਸ ਤਰ੍ਹਾਂ ਡਾਂਸ ਕਰਕੇ ਵੀਡੀਓ ਬਣਾਉਣ ‘ਤੇ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਜਨਤਕ ਪਾਰਕ ਲੋਕਾਂ ਦੇ ਘੁੰਮਣ-ਫਿਰਣ ਅਤੇ ਬੈਠਣ ਲਈ ਹੁੰਦੇ ਹਨ, ਨਾ ਕਿ ਇਸ ਤਰ੍ਹਾਂ ਦੀਆਂ ਰੀਲਾਂ ਬਣਾਉਣ ਲਈ। ਨਿਹੰਗ ਸਿੰਘਾਂ ਨੇ ਲੜਕੀ ਦੇ ਪਹਿਰਾਵੇ ਬਾਰੇ ਵੀ ਟਿੱਪਣੀ ਕਰਦਿਆਂ ਇਸ ਨੂੰ ਅਣਉਚਿਤ ਦੱਸਿਆ ਅਤੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਨੂੰ ਉਤਸ਼ਾਹਿਤ ਨਹੀਂ ਕੀਤਾ ਜਾਣਾ ਚਾਹੀਦਾ।
ਜਾਣਕਾਰੀ ਮੁਤਾਬਕ ਨਿਹੰਗਾਂ ਦੇ ਇਤਰਾਜ਼ ਤੋਂ ਬਾਅਦ ਮਾਂ-ਧੀ ਨੇ ਡਾਂਸ ਕਰਨਾ ਬੰਦ ਕਰ ਦਿੱਤਾ। ਉਨ੍ਹਾਂ ਹੱਥ ਜੋੜ ਕੇ ਮਾਫ਼ੀ ਮੰਗੀ ਅਤੇ ਆਪਣੇ ਮੋਬਾਈਲ ਫੋਨ ਵਿੱਚ ਬਣਾਈ ਗਈ ਵੀਡੀਓ ਵੀ ਡਿਲੀਟ ਕਰ ਦਿੱਤੀ। ਇਸ ਤੋਂ ਬਾਅਦ ਨਿਹੰਗ ਸਿੰਘਾਂ ਨੇ ਉਨ੍ਹਾਂ ਨੂੰ ਚੇਤਾਵਨੀ ਦੇ ਕੇ ਜਾਣ ਦਿੱਤਾ।
ਘਟਨਾ ਦੌਰਾਨ ਨਿਹੰਗਾਂ ਨੇ ਦੋਵਾਂ ਦਾ ਮੋਬਾਈਲ ਫੋਨ ਵੀ ਚੈੱਕ ਕੀਤਾ ਅਤੇ ਭਵਿੱਖ ਵਿੱਚ ਜਨਤਕ ਪਾਰਕਾਂ ਵਿੱਚ ਇਸ ਤਰ੍ਹਾਂ ਦੀਆਂ ਰੀਲਾਂ ਜਾਂ ਡਾਂਸ ਵੀਡੀਓ ਨਾ ਬਣਾਉਣ ਦੀ ਸਲਾਹ ਦਿੱਤੀ। ਪੂਰੇ ਘਟਨਾਕ੍ਰਮ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵੱਡੇ ਪੱਧਰ ‘ਤੇ ਸਾਂਝੀ ਕੀਤੀ ਜਾ ਰਹੀ ਹੈ।
ਹਾਲਾਂਕਿ, ਇਸ ਮਾਮਲੇ ਸਬੰਧੀ ਅਜੇ ਤੱਕ ਕਿਸੇ ਵੀ ਧਿਰ ਵੱਲੋਂ ਪੁਲਿਸ ਕੋਲ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ। ਪੁਲਿਸ ਵੱਲੋਂ ਵੀ ਇਸ ਘਟਨਾ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ। ਵਾਇਰਲ ਵੀਡੀਓ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਲੋਕ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ।
