– ਖੇਮਕਰਨ ਦੇ ਆਸਲ ਰੋਡ ‘ਤੇ ਵਾਪਰੀ ਘਟਨਾ, ਪੁਲਿਸ ਨੇ ਜਾਂਚ ਕੀਤੀ ਸ਼ੁਰੂ
ਤਰਨਤਾਰਨ 28 ਅਕਤੂਬਰ– ਬੁੱਧਵਾਰ ਦੁਪਹਿਰ ਖੇਮਕਰਨ ਦੇ ਆਸਲ ਰੋਡ ‘ਤੇ ਟਰਾਂਸਪੋਰਟਰ ਤੇ ਆੜ੍ਹਤੀ ਮਨਜੀਤ ਸਿੰਘ ਕੱਟਾ ਵੱਲੋਂ ਸ਼ੱਕ ਦੇ ਆਧਾਰ ‘ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਤਿੰਨ ਵਿਅਕਤੀ ਗੋਲੀਆਂ ਲੱਗਣ ਕਾਰਨ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਗੁਰਸੇਵਕ ਸਿੰਘ ਦੀ ਮੌਤ ਹੋ ਗਈ, ਜਦਕਿ ਹਰਕੀਰਤ ਸਿੰਘ ਅਤੇ ਸਾਜਨ ਸਿੰਘ ਨੂੰ ਗੰਭੀਰ ਹਾਲਤ ਵਿੱਚ ਭਿੱਖੀਵਿੰਡ ਦੇ ਇਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ, ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਨੇੜੇ ਸਥਿਤ ਖੇਮਕਰਨ ਵਾਸੀ ਮਨਜੀਤ ਸਿੰਘ ਕੱਟਾ ਆਪਣੀ ਪਤਨੀ ਨਾਲ ਕਾਰ ਵਿੱਚ ਸਵਾਰ ਹੋ ਕੇ ਘਰਿਆਲਾ ਮੰਦਰ ਤੋਂ ਮੱਥਾ ਟੇਕ ਕੇ ਵਾਪਸ ਪਰਤ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਪਿਛਲੇ ਕਈ ਦਿਨਾਂ ਤੋਂ ਗੈਂਗਸਟਰਾਂ ਵੱਲੋਂ ਧਮਕੀਆਂ ਮਿਲ ਰਹੀਆਂ ਸਨ। ਇਸ ਕਾਰਨ ਸੁਰੱਖਿਆ ਲਈ ਉਸ ਨੂੰ ਪੁਲਿਸ ਦਾ ਇਕ ਕਾਂਸਟੇਬਲ ਵੀ ਮੁਹੱਈਆ ਕਰਵਾਇਆ ਗਿਆ ਸੀ। ਇਸ ਤੋਂ ਇਲਾਵਾ ਉਸ ਨੇ ਨਿੱਜੀ ਸੁਰੱਖਿਆ ਵੀ ਰੱਖੀ ਹੋਈ ਸੀ।
ਬੁੱਧਵਾਰ ਨੂੰ ਜਦੋਂ ਮਨਜੀਤ ਸਿੰਘ ਕੱਟਾ ਪਿੰਡ ਮਹਿੰਦੀਪੁਰ ਮੋੜ ਨੇੜੇ ਪਹੁੰਚਿਆ ਤਾਂ ਉਸ ਦੇ ਪਿੱਛੇ ਇਕ ਹੋਰ ਗੱਡੀ ਆ ਰਹੀ ਸੀ। ਰੇਲਵੇ ਫਾਟਕ ਨੇੜੇ ਉਸ ਨੇ ਉਕਤ ਗੱਡੀ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਾਰਨ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਗੁਰਸੇਵਕ ਸਿੰਘ ਦੀ ਮੌਤ ਹੋ ਗਈ।
ਘਟਨਾ ਤੋਂ ਬਾਅਦ ਮਨਜੀਤ ਸਿੰਘ ਕੱਟਾ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਸਬੰਧਤ ਵਿਅਕਤੀ ਫਿਰੌਤੀ ਨਾਲ ਜੁੜੇ ਹੋਏ ਸਨ ਅਤੇ ਲੋਕਾਂ ਨੂੰ ਆਪਣੀ ਸੁਰੱਖਿਆ ਖੁਦ ਕਰਨ ਦੀ ਗੱਲ ਕਹੀ।
ਸ਼ੱਕ ਦੇ ਆਧਾਰ ‘ਤੇ ਗੋਲੀਬਾਰੀ ਬਰਦਾਸ਼ਤ ਨਹੀਂ: ਐੱਸਐੱਸਪੀ
ਐੱਸਐੱਸਪੀ ਸੁਰਿੰਦਰ ਲਾਂਬਾ ਨੇ ਕਿਹਾ ਕਿ ਮਨਜੀਤ ਸਿੰਘ ਕੱਟਾ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਕੀਤੀ ਗਈ ਗੋਲੀਬਾਰੀ ਕੋਈ ਛੋਟਾ ਅਪਰਾਧ ਨਹੀਂ ਹੈ। ਸਿਰਫ਼ ਸ਼ੱਕ ਦੇ ਆਧਾਰ ‘ਤੇ ਗੋਲੀਆਂ ਚਲਾਉਣਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਡੀਐੱਸਪੀ ਅਤੁਲ ਸੋਨੀ ਦੀ ਅਗਵਾਈ ਹੇਠ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।