–ਦੋ ਵਿਦੇਸ਼ੀ ਪਿਸਤੌਲ, ਦੋ ਮੈਗਜ਼ੀਨ, ਤਿੰਨ ਕਾਰਤੂਸ ਤੇ ਮੋਬਾਈਲ ਬਰਾਮਦ; ਪਾਕਿਸਤਾਨ ਬੈਠੇ ਸਮੱਗਲਰਾਂ ਨਾਲ ਸੰਪਰਕ ਕਰਕੇ ਮੰਗਵਾਉਂਦਾ ਸੀ ਅਸਲੇ ਦੀ ਖੇਪ
ਤਰਨਤਾਰਨ 8 ਸਿਤੰਬਰ: ਪਾਕਿਸਤਾਨ ਬੈਠੇ ਸਮੱਗਲਰਾਂ ਨਾਲ ਸੰਪਰਕ ਬਣਾ ਕੇ ਡਰੋਨ ਰਾਹੀਂ ਅਸਲੇ ਦੀਆਂ ਖੇਪਾਂ ਮੰਗਵਾਉਣ ਵਾਲੇ ਤਸਕਰ ਸੁਖਜਿੰਦਰ ਸਿੰਘ ਉਰਫ਼ ਸੂੱਖਾ ਵਾਸੀ ਹਵੇਲੀਆਂ ਨੂੰ ਬੀਐੱਸਐੱਫ ਨੇ ਕਾਬੂ ਕੀਤਾ ਹੈ। ਉਸ ਦੇ ਕਬਜ਼ੇ ਵਿੱਚੋਂ ਦੋ ਵਿਦੇਸ਼ੀ ਪਿਸਤੌਲ, ਦੋ ਮੈਗਜ਼ੀਨ, ਤਿੰਨ ਕਾਰਤੂਸ ਅਤੇ ਇੱਕ ਮੋਬਾਈਲ ਫੋਨ ਬਰਾਮਦ ਹੋਇਆ ਹੈ। ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਵੱਲੋਂ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ।
ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ’ਤੇ ਤਾਇਨਾਤ ਬੀਐੱਸਐੱਫ ਦੀ 115ਵੀਂ ਬਟਾਲੀਅਨ ਦੇ ਕੰਪਨੀ ਕਮਾਂਡੈਂਟ ਵਿਜੇ ਕੁਮਾਰ ਸ਼ਰਮਾ ਨੂੰ ਸੂਚਨਾ ਮਿਲੀ ਸੀ ਕਿ ਕੰਡਿਆਲੀ ਤਾਰ ਤੋਂ ਪਾਰਲੇ ਖੇਤਾਂ ਨਾਲ ਸਬੰਧਤ ਕਿਸਾਨ ਸੁਖਜਿੰਦਰ ਸਿੰਘ ਉਰਫ਼ ਸੂੱਖਾ ਪਾਕਿਸਤਾਨ ਬੈਠੇ ਸਮੱਗਲਰਾਂ ਨਾਲ ਸੰਪਰਕ ਕਰਕੇ ਡਰੋਨ ਰਾਹੀਂ ਅਸਲੇ ਦੀ ਖੇਪ ਮੰਗਵਾਉਂਦਾ ਹੈ।
ਸੂਚਨਾ ਦੇ ਆਧਾਰ ’ਤੇ ਪਿੰਡ ਹਵੇਲੀਆਂ ਇਲਾਕੇ ਵਿੱਚ ਤਾਇਨਾਤ ਬੀਐੱਸਐੱਫ ਜਵਾਨਾਂ ਵੱਲੋਂ ਚੌਕਸੀ ਵਧਾ ਦਿੱਤੀ ਗਈ। ਇਸ ਦੌਰਾਨ ਜਦੋਂ ਸੂੱਖਾ ਖੇਤ ਵਿੱਚ ਪਹੁੰਚਿਆ ਤਾਂ ਉਸ ਨੇ ਉੱਥੇ ਪਹਿਲਾਂ ਹੀ ਡਰੋਨ ਰਾਹੀਂ ਸੁੱਟਿਆ ਗਿਆ ਪੀਲੇ ਰੰਗ ਦਾ ਪੈਕੇਟ ਚੁੱਕ ਲਿਆ। ਮੌਕੇ ’ਤੇ ਮੌਜੂਦ ਬੀਐੱਸਐੱਫ ਜਵਾਨਾਂ ਨੇ ਉਸ ਨੂੰ ਪੈਕੇਟ ਸਮੇਤ ਕਾਬੂ ਕਰ ਲਿਆ ਅਤੇ ਪੁੱਛਗਿੱਛ ਸ਼ੁਰੂ ਕੀਤੀ।
ਕੰਪਨੀ ਕਮਾਂਡੈਂਟ ਵਿਜੇ ਕੁਮਾਰ ਸ਼ਰਮਾ ਵੀ ਮੌਕੇ ’ਤੇ ਪਹੁੰਚੇ ਅਤੇ ਪੈਕੇਟ ਦੀ ਜਾਂਚ ਕੀਤੀ। ਜਾਂਚ ਦੌਰਾਨ ਪੈਕੇਟ ਵਿੱਚੋਂ ‘ਮੇਡ ਇਨ ਆਸਟ੍ਰੀਆ’ ਮਾਰਕ ਵਾਲੇ 9 ਐੱਮਐੱਮ ਦੇ ਦੋ ਪਿਸਤੌਲ, ਦੋ ਮੈਗਜ਼ੀਨ, ਤਿੰਨ ਕਾਰਤੂਸ ਅਤੇ ਇੱਕ ਮੋਬਾਈਲ ਫੋਨ ਬਰਾਮਦ ਹੋਇਆ।
ਐੱਸਐੱਸਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਬੀਐੱਸਐੱਫ ਵੱਲੋਂ ਬਰਾਮਦ ਕੀਤੇ ਅਸਲੇ ਸਮੇਤ ਸੁਖਜਿੰਦਰ ਸਿੰਘ ਉਰਫ਼ ਸੂੱਖਾ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਥਾਣਾ ਸਰਾਏ ਅਮਾਨਤ ਖਾਂ ਵਿੱਚ ਕੇਸ ਦਰਜ ਕਰਕੇ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਮੁਲਜ਼ਮ ਦੇ ਪਾਕਿਸਤਾਨ ਬੈਠੇ ਸਮੱਗਲਰਾਂ ਨਾਲ ਕਿਹੜੇ ਸੰਪਰਕ ਸਨ ਅਤੇ ਅਸਲੇ ਦੀਆਂ ਖੇਪਾਂ ਕਿੱਥੇ-ਕਿੱਥੇ ਪਹੁੰਚਾਈਆਂ ਜਾਂਦੀਆਂ ਸਨ।