September 8, 2026
VN20260728 1454292

ਦਿਲਜੀਤ ਦੋਸਾਂਝ ਦੀ ਫ਼ਿਲਮ “ਸਤਲੁਜ” ਤੋਂ ਪ੍ਰੇਰਿਤ ਹੋ ਕੇ ਸ਼ੁਰੂ ਕੀਤੀ ਯਾਤਰਾ, ਖਾਲੜਾ ਦੇ ਸੰਘਰਸ਼ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਲਿਆ ਸੰਕਲਪ

ਅੰਮ੍ਰਿਤਸਰ 28 ਜੁਲਾਈ (ਬਿਊਰੋ)- ਹਰਿਆਣਾ ਦੇ ਸਮਾਲਕਾ (ਜ਼ਿਲ੍ਹਾ ਪਾਣੀਪਤ) ਦੇ ਰਹਿਣ ਵਾਲੇ ਸੁਨੀਲ ਰਾਠੌਰ ਵੱਲੋਂ ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਸ਼ਰਧਾਂਜਲੀ ਭੇਟ ਕਰਨ ਅਤੇ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਲਈ ਕੀਤੇ ਸੰਘਰਸ਼ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਪੈਦਲ ਯਾਤਰਾ ਸੋਮਵਾਰ ਨੂੰ ਜੰਡਿਆਲਾ ਗੁਰੂ ਪਹੁੰਚੀ। ਇਸ ਮੌਕੇ ਸ਼ਹਿਰ ਵਾਸੀਆਂ ਅਤੇ ਸਮਾਜ ਸੇਵੀਆਂ ਨੇ ਸੁਨੀਲ ਰਾਠੌਰ ਦਾ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਦੀ ਇਸ ਵਿਲੱਖਣ ਪਹਿਲ ਦੀ ਸ਼ਲਾਘਾ ਕੀਤੀ।

ਸੁਨੀਲ ਰਾਠੌਰ ਨੇ ਦੱਸਿਆ ਕਿ ਉਨ੍ਹਾਂ ਨੇ 12 ਜੁਲਾਈ ਨੂੰ ਹਰਿਆਣਾ ਤੋਂ ਇਹ ਪੈਦਲ ਯਾਤਰਾ ਸ਼ੁਰੂ ਕੀਤੀ ਸੀ। ਪੂਰੀ ਯਾਤਰਾ ਦੌਰਾਨ ਉਹ ਆਪਣੇ ਮੋਢਿਆਂ ‘ਤੇ ਇੱਕ ਵਿਸ਼ੇਸ਼ ਬੋਰਡ ਚੁੱਕ ਕੇ ਚੱਲ ਰਹੇ ਹਨ, ਜਿਸ ‘ਤੇ ਸ਼ਹੀਦ ਜਸਵੰਤ ਸਿੰਘ ਖਾਲੜਾ ਵੱਲੋਂ ਹਜ਼ਾਰਾਂ ਲਾਪਤਾ ਲੋਕਾਂ ਦੇ ਮਾਮਲਿਆਂ ਨੂੰ ਉਜਾਗਰ ਕਰਨ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਕੀਤੇ ਸੰਘਰਸ਼ ਬਾਰੇ ਜਾਣਕਾਰੀ ਦਰਸਾਈ ਗਈ ਹੈ। ਉਨ੍ਹਾਂ ਕਿਹਾ ਕਿ ਯਾਤਰਾ ਦਾ ਇਕੋ-ਇੱਕ ਮਕਸਦ ਲੋਕਾਂ ਨੂੰ ਸ਼ਹੀਦ ਖਾਲੜਾ ਦੀ ਕੁਰਬਾਨੀ ਅਤੇ ਸੱਚਾਈ ਨਾਲ ਜਾਣੂ ਕਰਵਾਉਣਾ ਹੈ।

vn20260728 1454294885372651336538954
ਸੁਨੀਲ ਰਾਥੋੜ੍ਹ ਨੂੰ ਸਨਮਾਨਿਤ ਕਰਦੇ ਲੋਗ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਨੀਲ ਰਾਠੌਰ ਨੇ ਦੱਸਿਆ ਕਿ ਉਹ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਫ਼ਿਲਮ “ਸਤਲੁਜ” ਤੋਂ ਪ੍ਰੇਰਿਤ ਹੋਏ। ਇਸ ਤੋਂ ਬਾਅਦ ਉਨ੍ਹਾਂ ਨੇ ਇੰਟਰਨੈੱਟ ਰਾਹੀਂ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਜੀਵਨ, ਉਨ੍ਹਾਂ ਦੇ ਸੰਘਰਸ਼ ਅਤੇ ਮਨੁੱਖੀ ਅਧਿਕਾਰਾਂ ਲਈ ਦਿੱਤੀ ਕੁਰਬਾਨੀ ਬਾਰੇ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ, ਜਿਸ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਨੇ ਇਹ ਪੈਦਲ ਯਾਤਰਾ ਸ਼ੁਰੂ ਕਰਨ ਦਾ ਫ਼ੈਸਲਾ ਲਿਆ।

ਉਨ੍ਹਾਂ ਦੱਸਿਆ ਕਿ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਧਰਮ ਪਤਨੀ ਪਰਮਜੀਤ ਕੌਰ ਖਾਲੜਾ ਨਾਲ ਉਨ੍ਹਾਂ ਦੇ ਪਿੰਡ ਵਿੱਚ ਮੁਲਾਕਾਤ ਕਰਨਗੇ, ਜਿੱਥੇ ਇਸ ਯਾਤਰਾ ਦੀ ਸਮਾਪਤੀ ਹੋਵੇਗੀ।

ਸੁਨੀਲ ਰਾਠੌਰ ਨੇ ਕਿਹਾ ਕਿ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਕੁਰਬਾਨੀ ਅਤੇ ਮਨੁੱਖੀ ਅਧਿਕਾਰਾਂ ਲਈ ਉਨ੍ਹਾਂ ਵੱਲੋਂ ਲੜੀ ਗਈ ਲੜਾਈ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਸਮੇਂ ਦੀ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਵਿਸ਼ੇ ‘ਤੇ ਬਣੀ ਫ਼ਿਲਮ “ਸਤਲੁਜ” ‘ਤੇ ਕਿਸੇ ਵੀ ਤਰ੍ਹਾਂ ਦੀ ਰੋਕ ਨਹੀਂ ਲੱਗਣੀ ਚਾਹੀਦੀ, ਕਿਉਂਕਿ ਅਜਿਹੀਆਂ ਫ਼ਿਲਮਾਂ ਨੌਜਵਾਨ ਪੀੜ੍ਹੀ ਨੂੰ ਇਤਿਹਾਸ, ਸੱਚਾਈ ਅਤੇ ਇਨਸਾਫ਼ ਲਈ ਦਿੱਤੀਆਂ ਕੁਰਬਾਨੀਆਂ ਨਾਲ ਜਾਣੂ ਕਰਵਾਉਣ ਦਾ ਮਹੱਤਵਪੂਰਨ ਸਾਧਨ ਬਣਦੀਆਂ ਹਨ।

Leave a Reply

Your email address will not be published. Required fields are marked *