ਅੰਮ੍ਰਿਤਸਰ 28,ਜੁਲਾਈ -(ਬਿਊਰੋ)ਏਅਰ ਇੰਡੀਆ ਨੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਆਪਣੀ ਨਵੀਂ ‘ਈਜ਼ੀ ਕਨੈਕਟ’ ਸੇਵਾ
ਅੰਮ੍ਰਿਤਸਰ 28,ਜੁਲਾਈ -(ਬਿਊਰੋ)ਏਅਰ ਇੰਡੀਆ ਨੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਆਪਣੀ ਨਵੀਂ ‘ਈਜ਼ੀ ਕਨੈਕਟ’ ਸੇਵਾ ਸ਼ੁਰੂ ਕਰ ਦਿੱਤੀ ਹੈ। ਇਸ ਸੇਵਾ ਨਾਲ ਪੰਜਾਬ ਦੇ ਯਾਤਰੀ ਹੁਣ ਦਿੱਲੀ ਰਾਹੀਂ ਦੁਨੀਆ ਦੇ 27 ਅੰਤਰਰਾਸ਼ਟਰੀ ਸ਼ਹਿਰਾਂ ਤੱਕ ਹੋਰ ਸੁਵਿਧਾਜਨਕ ਢੰਗ ਨਾਲ ਯਾਤਰਾ ਕਰ ਸਕਣਗੇ। ਇਸ ਯੋਜਨਾ ਤਹਿਤ ਯਾਤਰੀਆਂ ਨੂੰ ਦਿੱਲੀ ਹਵਾਈ ਅੱਡੇ ‘ਤੇ ਮੁੜ ਚੈਕ-ਇਨ, ਬੈਗੇਜ ਟ੍ਰਾਂਸਫਰ ਜਾਂ ਟਰਮੀਨਲ ਬਦਲਣ ਦੀ ਲੋੜ ਨਹੀਂ ਪਵੇਗੀ।
ਇਸ ਸੇਵਾ ਦਾ ਉਦਘਾਟਨ ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰੀ ਕਿੰਜਰਾਪੂ ਰਾਮ ਮੋਹਨ ਨਾਇਡੂ ਨੇ ਕੀਤਾ। ਉਨ੍ਹਾਂ ਕਿਹਾ ਕਿ ਇਹ ਪਹਿਲ ਪੰਜਾਬ ਦੀ ਗਲੋਬਲ ਕਨੈਕਟੀਵਿਟੀ ਨੂੰ ਹੋਰ ਮਜ਼ਬੂਤ ਕਰੇਗੀ ਅਤੇ ਉੱਤਰੀ ਅਮਰੀਕਾ, ਯੂਕੇ, ਯੂਰਪ, ਆਸਟ੍ਰੇਲੀਆ ਅਤੇ ਹੋਰ ਦੇਸ਼ਾਂ ਨਾਲ ਸੰਪਰਕ ਆਸਾਨ ਬਣੇਗਾ। ਇਸ ਨਾਲ ਸੈਰ-ਸਪਾਟਾ, ਵਪਾਰ ਅਤੇ ਸੱਭਿਆਚਾਰਕ ਆਦਾਨ-ਪ੍ਰਦਾਨ ਨੂੰ ਵੀ ਵੱਡਾ ਹੁਲਾਰਾ ਮਿਲੇਗਾ।

‘ਈਜ਼ੀ ਕਨੈਕਟ’ ਤਹਿਤ ਅੰਮ੍ਰਿਤਸਰ ਤੋਂ ਦਿੱਲੀ ਲਈ ਰੋਜ਼ਾਨਾ ਦੋ ਉਡਾਣਾਂ ਚੱਲਣਗੀਆਂ। ਯਾਤਰੀ ਅੰਮ੍ਰਿਤਸਰ ਹਵਾਈ ਅੱਡੇ ‘ਤੇ ਹੀ ਆਪਣੀ ਆਖਰੀ ਮੰਜ਼ਿਲ ਤੱਕ ਚੈਕ-ਇਨ ਅਤੇ ਇਮੀਗ੍ਰੇਸ਼ਨ ਦੀ ਪ੍ਰਕਿਰਿਆ ਪੂਰੀ ਕਰ ਸਕਣਗੇ। ਇਸ ਨਾਲ ਦਿੱਲੀ ਵਿੱਚ ਕਿਸੇ ਵੀ ਤਰ੍ਹਾਂ ਦੀ ਦੁਬਾਰਾ ਕਾਰਵਾਈ ਦੀ ਲੋੜ ਨਹੀਂ ਰਹੇਗੀ ਅਤੇ ਯਾਤਰਾ ਸਮੇਂ ਦੀ ਬਚਤ ਨਾਲ ਹੋਰ ਸੁਖਾਲੀ ਬਣੇਗੀ।
ਏਅਰ ਇੰਡੀਆ ਮੁਤਾਬਕ ਅੰਮ੍ਰਿਤਸਰ ਤੋਂ ਬਾਅਦ ਇਹ ਸੇਵਾ ਵਾਰਾਣਸੀ, ਅਹਿਮਦਾਬਾਦ, ਗੋਆ, ਕੋਚੀ ਅਤੇ ਹੋਰ ਸ਼ਹਿਰਾਂ ਵਿੱਚ ਵੀ ਪੜਾਅਵਾਰ ਸ਼ੁਰੂ ਕੀਤੀ ਜਾਵੇਗੀ। ਇਸ ਮੌਕੇ ਨਾਗਰਿਕ ਹਵਾਬਾਜ਼ੀ ਮੰਤਰਾਲੇ ਦੇ ਸਕੱਤਰ ਸਮੀਰ ਕੁਮਾਰ ਸਿੰਹਾ, ਏਅਰਪੋਰਟ ਅਥਾਰਟੀ ਆਫ਼ ਇੰਡੀਆ ਦੇ ਚੇਅਰਮੈਨ ਵਿਪਿਨ ਕੁਮਾਰ, ਏਅਰ ਇੰਡੀਆ ਦੇ ਗਰੁੱਪ ਹੈੱਡ ਪੀ. ਬਾਲਾਜੀ ਸਮੇਤ ਕਈ ਸੀਨੀਅਰ ਅਧਿਕਾਰੀ ਮੌਜੂਦ ਰਹੇ।