—ਕੇਨ ਕਮਿਸ਼ਨਰ ਡਾ. ਅਮਰੀਕ ਸਿੰਘ ਨੇ ਕਿਸਾਨਾਂ ਨੂੰ ਗੰਨੇ ਦੀ ਬਿਜਾਈ ਦੀਆਂ ਨਵੀਆਂ ਤਕਨੀਕਾਂ ਅਪਣਾਉਣ ਦਾ ਦਿੱਤਾ ਸੱਦਾ
ਗੁਰਦਾਸਪੁਰ : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ‘ਖੇਤ ਬਚਾਓ ਅਭਿਆਨ’ ਤਹਿਤ ਦੀਨਾਨਗਰ ਬਲਾਕ ਦੇ ਪਿੰਡ ਰਸੂਲਪੁਰ ਬੇਟ ਵਿਖੇ ਗੰਨਾ ਕਾਸ਼ਤਕਾਰਾਂ ਲਈ ਬਲਾਕ ਪੱਧਰੀ ਵਿਸ਼ਾਲ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਵਿੱਚ ਪੰਜਾਬ ਦੇ ਕੇਨ ਕਮਿਸ਼ਨਰ ਡਾ. ਅਮਰੀਕ ਸਿੰਘ, ਡਾਇਰੈਕਟਰ ਰਿਸਰਚ (ਕੇਨ) ਡਾ. ਗੁਲਜ਼ਾਰ ਸਿੰਘ ਅਤੇ ਵੀਸੀ (ਕੇਨ) ਸੰਜੇ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਦਿਆਂ ਗੰਨਾ ਕਾਸ਼ਤਕਾਰਾਂ ਨੂੰ ਨਵੀਆਂ ਖੇਤੀ ਤਕਨੀਕਾਂ ਬਾਰੇ ਜਾਣੂ ਕਰਵਾਇਆ।
ਇਸ ਮੌਕੇ ਕੇਨ ਕਮਿਸ਼ਨਰ ਡਾ. ਅਮਰੀਕ ਸਿੰਘ ਨੇ ਕਿਸਾਨਾਂ ਨੂੰ ਗੰਨੇ ਦੀਆਂ ਉੱਚ ਉਪਜ ਦੇਣ ਵਾਲੀਆਂ ਕਿਸਮਾਂ, ਨਵੀਆਂ ਬਿਜਾਈ ਵਿਧੀਆਂ, ਪਾਣੀ ਅਤੇ ਖਾਦਾਂ ਦੀ ਸੰਤੁਲਿਤ ਵਰਤੋਂ ਅਤੇ ਕੀਟ-ਰੋਗ ਪ੍ਰਬੰਧਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਵਿਗਿਆਨਕ ਤਰੀਕੇ ਨਾਲ ਗੰਨੇ ਦੀ ਕਾਸ਼ਤ ਕਰਨ ਨਾਲ ਪ੍ਰਤੀ ਏਕੜ ਪੈਦਾਵਾਰ ਵਿੱਚ ਵਾਧਾ ਹੋਣ ਦੇ ਨਾਲ-ਨਾਲ ਉਤਪਾਦਨ ਲਾਗਤ ਵੀ ਘਟਾਈ ਜਾ ਸਕਦੀ ਹੈ। ਉਨ੍ਹਾਂ ਕਿਸਾਨਾਂ ਨੂੰ ਆਧੁਨਿਕ ਖੇਤੀ ਤਕਨੀਕਾਂ ਅਪਣਾਉਣ ਦੀ ਅਪੀਲ ਕੀਤੀ।
ਮੁਕੇਰੀਆਂ ਸ਼ੂਗਰ ਮਿੱਲ ਦੇ ਵੀਸੀ (ਕੇਨ) ਸੰਜੇ ਸਿੰਘ ਨੇ ਗੰਨਾ ਕਾਸ਼ਤਕਾਰਾਂ ਨੂੰ ਭਰੋਸਾ ਦਿਵਾਇਆ ਕਿ ਮਿੱਲ ਪ੍ਰਬੰਧਨ ਕਿਸਾਨਾਂ ਨਾਲ ਹਰ ਪੱਖੋਂ ਸਹਿਯੋਗ ਕਰੇਗਾ। ਉਨ੍ਹਾਂ ਕਿਹਾ ਕਿ ਗੰਨੇ ਦੀ ਸਪਲਾਈ, ਫਸਲ ਦੀ ਸੰਭਾਲ ਅਤੇ ਹੋਰ ਵਿਹਾਰਕ ਸਮੱਸਿਆਵਾਂ ਦੇ ਹੱਲ ਲਈ ਹਰ ਸੰਭਵ ਯਤਨ ਕੀਤੇ ਜਾਣਗੇ।
ਕੈਂਪ ਦੌਰਾਨ ਗੰਨਾ ਕਾਸ਼ਤਕਾਰ ਭੁਪਿੰਦਰ ਸਿੰਘ ਸੇਖਵਾਂ ਨੇ ਗੰਨੇ ਦੀ ਕਾਸ਼ਤ ਦੌਰਾਨ ਆ ਰਹੀਆਂ ਮੁਸ਼ਕਲਾਂ, ਮਜ਼ਦੂਰਾਂ ਦੀ ਘਾਟ, ਸਿੰਚਾਈ, ਵਧ ਰਹੀ ਉਤਪਾਦਨ ਲਾਗਤ ਅਤੇ ਹੋਰ ਸਮੱਸਿਆਵਾਂ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦੀਆਂ। ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਤਰਜੀਹ ਦੇ ਆਧਾਰ ‘ਤੇ ਹੱਲ ਕਰਨ ਲਈ ਲੋੜੀਂਦੇ ਕਦਮ ਚੁੱਕੇ ਜਾਣਗੇ।
ਕੈਂਪ ਵਿੱਚ ਵੱਡੀ ਗਿਣਤੀ ਵਿੱਚ ਗੰਨਾ ਕਾਸ਼ਤਕਾਰਾਂ ਨੇ ਭਾਗ ਲਿਆ ਅਤੇ ਖੇਤੀ ਮਾਹਿਰਾਂ ਨਾਲ ਸਿੱਧੀ ਗੱਲਬਾਤ ਕਰਕੇ ਗੰਨੇ ਦੀ ਕਾਸ਼ਤ ਸਬੰਧੀ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਹਾਸਲ ਕੀਤੀ। ਵਿਭਾਗੀ ਅਧਿਕਾਰੀਆਂ ਨੇ ਕਿਸਾਨਾਂ ਨੂੰ ਵੱਧ ਉਤਪਾਦਨ ਅਤੇ ਬਿਹਤਰ ਆਮਦਨ ਲਈ ਵਿਗਿਆਨਕ ਅਤੇ ਆਧੁਨਿਕ ਖੇਤੀ ਵਿਧੀਆਂ ਅਪਣਾਉਣ ਦੀ ਅਪੀਲ ਕੀਤੀ।
