-+ਘਰ ਵਿੱਚ ਲੰਬੇ ਸਮੇਂ ਤੋਂ ਕਰਦਾ ਸੀ ਕੰਮ, ਘਰ ਦੀ ਪੂਰੀ ਜਾਣਕਾਰੀ ਦਾ ਚੁੱਕਿਆ ਫਾਇਦਾ
ਬਠਿੰਡਾ, 11 ਅਗਸਤ (ਬਿਊਰੋ): ਬਠਿੰਡਾ ਕੈਂਟ ਖੇਤਰ ਵਿੱਚ ਲੈਫਟੀਨੈਂਟ ਕਰਨਲ ਦੇ ਘਰੋਂ ਸੋਨੇ ਅਤੇ ਚਾਂਦੀ ਦੇ ਗਹਿਣੇ ਚੋਰੀ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਰਿਟਾਇਰਡ ਫੌਜੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ਵਿੱਚੋਂ ਚੋਰੀ ਕੀਤੇ 20 ਤੋਲੇ ਸੋਨੇ ਅਤੇ 30 ਤੋਲੇ ਚਾਂਦੀ ਦੇ ਗਹਿਣੇ ਬਰਾਮਦ ਕੀਤੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਪੀ. ਨਰਿੰਦਰ ਸਿੰਘ ਨੇ ਦੱਸਿਆ ਕਿ ਕੈਂਟ ਵਾਸੀ ਲੈਫਟੀਨੈਂਟ ਗੌਰਵ ਗੋਪੀਨਾਥ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਅਣਪਛਾਤਾ ਚੋਰ ਉਨ੍ਹਾਂ ਦੇ ਘਰੋਂ ਕਰੀਬ 20 ਤੋਲੇ ਸੋਨੇ ਅਤੇ 30 ਤੋਲੇ ਚਾਂਦੀ ਦੇ ਗਹਿਣੇ ਚੋਰੀ ਕਰਕੇ ਲੈ ਗਿਆ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ।
ਜਾਂਚ ਦੌਰਾਨ ਪੁਲਿਸ ਨੂੰ ਘਰ ਵਿੱਚ ਕੰਮ ਕਰਨ ਵਾਲੇ ਰਿਟਾਇਰਡ ਲਾਂਸ ਨਾਇਕ ਬਿਕਰਮਜੀਤ ਸਿੰਘ ਵਾਸੀ ਅੰਮ੍ਰਿਤਸਰ ‘ਤੇ ਸ਼ੱਕ ਹੋਇਆ। ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ। ਪੁੱਛਗਿੱਛ ਦੌਰਾਨ ਮੁਲਜ਼ਮ ਦੀ ਨਿਸ਼ਾਨਦੇਹੀ ‘ਤੇ ਚੋਰੀ ਕੀਤੇ ਸੋਨੇ ਅਤੇ ਚਾਂਦੀ ਦੇ ਗਹਿਣੇ ਬਰਾਮਦ ਕਰ ਲਏ ਗਏ।
ਐੱਸ.ਪੀ. ਨਰਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਲੰਬੇ ਸਮੇਂ ਤੋਂ ਲੈਫਟੀਨੈਂਟ ਗੌਰਵ ਗੋਪੀਨਾਥ ਦੇ ਘਰ ਵਿੱਚ ਕੰਮ ਕਰਦਾ ਸੀ। ਇਸ ਕਾਰਨ ਉਸ ਨੂੰ ਘਰ ਦੀਆਂ ਗਤੀਵਿਧੀਆਂ ਅਤੇ ਉੱਥੇ ਰੱਖੇ ਸਾਮਾਨ ਬਾਰੇ ਪੂਰੀ ਜਾਣਕਾਰੀ ਸੀ। ਪੁਲਿਸ ਮੁਤਾਬਕ ਮੁਲਜ਼ਮ ਨੇ ਇਸ ਜਾਣਕਾਰੀ ਦਾ ਫਾਇਦਾ ਚੁੱਕਦਿਆਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ।
ਪੁਲਿਸ ਨੇ ਬਰਾਮਦ ਕੀਤੇ ਗਹਿਣਿਆਂ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਅੱਗੇ ਵਧਾ ਦਿੱਤੀ ਹੈ। ਪੁਲਿਸ ਇਹ ਵੀ ਪਤਾ ਲਗਾ ਰਹੀ ਹੈ ਕਿ ਵਾਰਦਾਤ ਵਿੱਚ ਮੁਲਜ਼ਮ ਦੇ ਨਾਲ ਕੋਈ ਹੋਰ ਵਿਅਕਤੀ ਸ਼ਾਮਲ ਸੀ ਜਾਂ ਨਹੀਂ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲੈਣ ਦੀ ਕਾਰਵਾਈ ਕੀਤੀ ਜਾ ਰਹੀ ਹੈ।