September 8, 2026
IMG 20260908 WA0021

ਪਹਿਲਾਂ ਚੱਲੇ ਤੇਜ਼ਧਾਰ ਹਥਿਆਰ, ਫਿਰ ਹੋਈ ਫਾਇਰਿੰਗ; ਗੰਭੀਰ ਜ਼ਖ਼ਮੀਆਂ ਨੂੰ ਫਰੀਦਕੋਟ ਮੈਡੀਕਲ ਕਾਲਜ ਕੀਤਾ ਰੈਫਰ

ਫਿਰੋਜ਼ਪੁਰ 08 ਸਿਤੰਬਰ- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਐਤਵਾਰ ਨੂੰ ਜੀਰਾ ਵਿਖੇ ਕਰਵਾਈ ਗਈ ਰੈਲੀ ਵਿੱਚ ਕਥਿਤ ਤੌਰ ’ਤੇ ਗੈਂਗਸਟਰ ਤੋਂ ਸਿਆਸਤਦਾਨ ਬਣੇ ਗੁਰਪ੍ਰੀਤ ਸਿੰਘ ਸੇਖੋਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਉਣ ਲਈ ਪਹੁੰਚੇ ਸਨ। ਰੈਲੀ ਤੋਂ ਬਾਅਦ ਪਿੰਡ ਮੱਲੇ ਸ਼ਾਹ ਵਿੱਚ ਰੈਲੀ ਵਿੱਚ ਸ਼ਾਮਲ ਹੋਣ ਨੂੰ ਲੈ ਕੇ ਪੈਦਾ ਹੋਈ ਰੰਜਿਸ਼ ਨੇ ਸੋਮਵਾਰ ਨੂੰ ਖੂਨੀ ਰੂਪ ਧਾਰ ਲਿਆ। ਦੋ ਧਿਰਾਂ ਵਿਚਕਾਰ ਪਹਿਲਾਂ ਤੇਜ਼ਧਾਰ ਹਥਿਆਰਾਂ ਨਾਲ ਝੜਪ ਹੋਈ ਅਤੇ ਇਸ ਤੋਂ ਬਾਅਦ ਗੋਲੀਬਾਰੀ ਹੋਣ ਦੀ ਗੱਲ ਸਾਹਮਣੇ ਆਈ। ਘਟਨਾ ਵਿੱਚ ਚਾਰ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ।

ਘਟਨਾ ਤੋਂ ਬਾਅਦ ਇਲਾਕੇ ਵਿੱਚ ਤਣਾਅ ਦਾ ਮਾਹੌਲ ਬਣ ਗਿਆ। ਸਥਾਨਕ ਲੋਕਾਂ ਨੇ ਜ਼ਖ਼ਮੀਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਜੀਰਾ ਵਿਖੇ ਦਾਖਲ ਕਰਵਾਇਆ। ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਚਾਰਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ, ਫਰੀਦਕੋਟ ਰੈਫਰ ਕਰ ਦਿੱਤਾ।

ਜ਼ਖ਼ਮੀਆਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਸ਼ਾਮ ਨੂੰ ਵੀ ਦੋਵੇਂ ਧਿਰਾਂ ਵਿਚਕਾਰ ਝਗੜਾ ਹੋਇਆ ਸੀ। ਹਾਲਾਂਕਿ ਬਾਅਦ ਵਿੱਚ ਲੋਕਾਂ ਨੇ ਵਿਚ-ਬਚਾਅ ਕਰਕੇ ਦੋਵੇਂ ਧਿਰਾਂ ਨੂੰ ਸਮਝਾ ਕੇ ਮਾਮਲਾ ਸ਼ਾਂਤ ਕਰਵਾ ਦਿੱਤਾ ਸੀ। ਦੋਸ਼ ਹੈ ਕਿ ਸੋਮਵਾਰ ਨੂੰ ਦੂਜੀ ਧਿਰ ਦੇ ਕੁਝ ਨੌਜਵਾਨ ਮੁੜ ਮੌਕੇ ’ਤੇ ਪਹੁੰਚੇ ਅਤੇ ਗੋਲੀਬਾਰੀ ਕਰ ਦਿੱਤੀ।

ਥਾਣਾ ਮੁਖੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਖ਼ਮੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਗੋਲੀ ਚਲਾਉਣ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਵਿਵਾਦ ਦਾ ਅਸਲ ਕਾਰਨ ਕੀ ਸੀ ਅਤੇ ਫਾਇਰਿੰਗ ਦੀ ਘਟਨਾ ਵਿੱਚ ਕੌਣ-ਕੌਣ ਲੋਕ ਸ਼ਾਮਲ ਸਨ।

Leave a Reply

Your email address will not be published. Required fields are marked *