September 8, 2026
WhatsApp Image 2026 07 30 at 19.14.07

ਡਿਊਟੀ ਤੋਂ ਘਰ ਪਰਤਦੇ ਸਮੇਂ ਪੁਲ ‘ਤੇ ਬੰਨ੍ਹਿਆ ਰੱਸਾ ਬਣਿਆ ਹਾਦਸੇ ਦਾ ਕਾਰਨ

ਅੰਮ੍ਰਿਤਸਰ, 30 ਜੁਲਾਈ: ਪੰਜਾਬ ਬੰਦ ਦੌਰਾਨ ਵੀਰਵਾਰ ਨੂੰ ਅੰਮ੍ਰਿਤਸਰ ਦੇ ਭੰਡਾਰੀ ਪੁਲ ‘ਤੇ ਇੱਕ ਦਰਦਨਾਕ ਹਾਦਸੇ ਵਿੱਚ ਪੰਜਾਬ ਪੁਲਿਸ ਦੇ ਸੀਨੀਅਰ ਕਾਂਸਟੇਬਲ ਰਣਬੀਰ ਸਿੰਘ ਦੀ ਮੌਤ ਹੋ ਗਈ। ਰਣਬੀਰ ਸਿੰਘ, ਜੋ ਏਆਰਪੀ (ARP) ਵਿੱਚ ਤਾਇਨਾਤ ਸਨ ਅਤੇ ਬਟਾਲਾ ਦੇ ਰਹਿਣ ਵਾਲੇ ਸਨ, ਡਿਊਟੀ ਤੋਂ ਬਾਅਦ ਐਕਟਿਵਾ ‘ਤੇ ਆਪਣੇ ਘਰ ਵਾਪਸ ਜਾ ਰਹੇ ਸਨ।

ਮੁੱਢਲੀ ਜਾਣਕਾਰੀ ਅਨੁਸਾਰ ਪੰਜਾਬ ਬੰਦ ਦੇ ਮੱਦੇਨਜ਼ਰ ਭੰਡਾਰੀ ਪੁਲ ‘ਤੇ ਆਵਾਜਾਈ ਰੋਕਣ ਲਈ ਇੱਕ ਰੱਸਾ ਬੰਨ੍ਹਿਆ ਗਿਆ ਸੀ। ਐਕਟਿਵਾ ਸਵਾਰ ਰਣਬੀਰ ਸਿੰਘ ਨੂੰ ਇਹ ਰੱਸਾ ਸਮੇਂ ਸਿਰ ਨਜ਼ਰ ਨਾ ਆਇਆ ਅਤੇ ਉਹ ਸਿੱਧੇ ਉਸ ਨਾਲ ਟਕਰਾ ਗਏ। ਰੱਸਾ ਉਨ੍ਹਾਂ ਦੀ ਗਰਦਨ ਨਾਲ ਟਕਰਾਉਣ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਕੇ ਸੜਕ ‘ਤੇ ਡਿੱਗ ਪਏ।

WhatsApp Image 2026 07 30 at 19.14.07 1

ਘਟਨਾ ਤੋਂ ਤੁਰੰਤ ਬਾਅਦ ਮੌਕੇ ‘ਤੇ ਮੌਜੂਦ ਲੋਕਾਂ ਅਤੇ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਸਿਵਲ ਹਸਪਤਾਲ ਅੰਮ੍ਰਿਤਸਰ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਜਾਂਚ ਉਪਰੰਤ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ ਤੋਂ ਬਾਅਦ ਪੁਲਿਸ ਮਹਿਕਮੇ ਵਿੱਚ ਸੋਗ ਦੀ ਲਹਿਰ ਦੌੜ ਗਈ।

ਜਾਣਕਾਰੀ ਮੁਤਾਬਕ ਰਣਬੀਰ ਸਿੰਘ ਨੂੰ ਘਰ ਤੋਂ ਫੋਨ ਆਇਆ ਸੀ ਕਿ ਉਨ੍ਹਾਂ ਦੇ ਬੇਟੇ ਨੂੰ ਸੱਟਾਂ ਲੱਗੀਆਂ ਹਨ। ਇਸ ਸੂਚਨਾ ਤੋਂ ਬਾਅਦ ਉਹ ਚਿੰਤਤ ਹੋ ਕੇ ਜਲਦੀ ਘਰ ਲਈ ਰਵਾਨਾ ਹੋਏ ਸਨ, ਪਰ ਰਸਤੇ ਵਿੱਚ ਇਹ ਹਾਦਸਾ ਵਾਪਰ ਗਿਆ।

ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਪੁਲ ‘ਤੇ ਰੱਸਾ ਲਗਾਉਣ ਸਮੇਂ ਲੋੜੀਂਦੇ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਜਾਂ ਨਹੀਂ। ਨਾਲ ਹੀ, ਹਾਦਸੇ ਲਈ ਜ਼ਿੰਮੇਵਾਰ ਵਿਅਕਤੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਏਡੀਸੀਪੀ ਹਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਰਿਪੋਰਟ ਦੇ ਆਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਸ ਦੁਖਦਾਈ ਹਾਦਸੇ ਨੇ ਪੰਜਾਬ ਬੰਦ ਦੌਰਾਨ ਕੀਤੇ ਗਏ ਸੁਰੱਖਿਆ ਪ੍ਰਬੰਧਾਂ ‘ਤੇ ਵੀ ਕਈ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।

Leave a Reply

Your email address will not be published. Required fields are marked *