–ਗ੍ਰਿਫ਼ਤਾਰ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਦਰਜ ਹਨ ਪੰਜ ਅਪਰਾਧਿਕ ਮਾਮਲੇ
ਮਾਨਸਾ 8 ਸਿਤੰਬਰ- ਜ਼ਿਲ੍ਹਾ ਪੁਲਿਸ ਨੇ ਅਰਸ਼ ਡੱਲਾ ਗੈਂਗ ਨਾਲ ਸਬੰਧਤ ਦੋ ਗੁਰਗਿਆਂ ਨੂੰ ਪੰਜ ਪਿਸਤੌਲਾਂ ਅਤੇ ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਸ ਦੌਰਾਨ ਉਨ੍ਹਾਂ ਤੋਂ ਹਥਿਆਰਾਂ ਦੇ ਸਰੋਤ ਅਤੇ ਅੱਗੇ ਦੀ ਮਨਸ਼ਾ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਐੱਸਐੱਸਪੀ ਵੈਭਵ ਚੌਧਰੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਅਪਰਾਧਿਕ ਅਨਸਰਾਂ ਖ਼ਿਲਾਫ਼ ਚਲਾਈ ਜਾ ਰਹੀ ਆਪ੍ਰੇਸ਼ਨ ਪ੍ਰਹਾਰ ਮੁਹਿੰਮ ਤਹਿਤ ਐੱਸਪੀ ਜਗਬਿੰਦਰ ਸਿੰਘ, ਡੀਐੱਸਪੀ ਪੁਸ਼ਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਦੀ ਨਿਗਰਾਨੀ ਹੇਠ ਸੀਆਈਏ ਸਟਾਫ਼ ਦੇ ਇੰਚਾਰਜ ਬਲਕਾਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਗਸ਼ਤ ਕਰ ਰਹੀ ਸੀ।
ਪੁਲਿਸ ਪਾਰਟੀ ਜਦੋਂ ਸਥਾਨਕ ਨਹਿਰੂ ਕਾਲਜ ਦੇ ਪਿਛਲੇ ਪਾਸੇ ਪਹੁੰਚੀ ਤਾਂ ਦੋ ਨੌਜਵਾਨ ਇੱਕ ਥੈਲੇ ਵਿੱਚੋਂ ਕੁਝ ਕੱਢ ਕੇ ਆਪਣੀ ਕਮਰ ਅਤੇ ਜੇਬਾਂ ਵਿੱਚ ਪਾਉਂਦੇ ਦਿਖਾਈ ਦਿੱਤੇ। ਪੁਲਿਸ ਨੇ ਦੋਵਾਂ ਨੂੰ ਕਾਬੂ ਕਰ ਲਿਆ। ਮੁਲਜ਼ਮਾਂ ਦੀ ਪਛਾਣ ਸ਼ਹਿਰ ਦੇ ਵਾਰਡ ਨੰਬਰ-9 ਵਾਸੀ ਅੰਮ੍ਰਿਤਪਾਲ ਸਿੰਘ ਉਰਫ਼ ਜੈਕੀ ਪੁੱਤਰ ਗੋਰਾ ਸਿੰਘ ਅਤੇ ਪਿੰਡ ਮੂਸਾ ਵਾਸੀ ਕੁਲਦੀਪ ਸਿੰਘ ਉਰਫ਼ ਘੁੱਗੀ ਪੁੱਤਰ ਕਰਨੈਲ ਸਿੰਘ ਵਜੋਂ ਹੋਈ।
ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ 32 ਬੋਰ ਦੇ ਚਾਰ ਪਿਸਤੌਲਾਂ ਸਮੇਤ 12 ਜ਼ਿੰਦਾ ਕਾਰਤੂਸ ਅਤੇ 315 ਬੋਰ ਦਾ ਇੱਕ ਦੇਸੀ ਪਿਸਤੌਲ (ਦੇਸੀ ਕੱਟਾ) ਬਰਾਮਦ ਕੀਤਾ। ਇਸ ਸਬੰਧੀ ਥਾਣਾ ਸਿਟੀ-2 ਵਿੱਚ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਐੱਸਐੱਸਪੀ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਦੋਵੇਂ ਮੁਲਜ਼ਮ ਕਥਿਤ ਤੌਰ ’ਤੇ ਅਰਸ਼ ਡੱਲਾ ਗੈਂਗ ਲਈ ਕੰਮ ਕਰਦੇ ਸਨ ਅਤੇ ਨਾਜਾਇਜ਼ ਹਥਿਆਰ ਮੱਧ ਪ੍ਰਦੇਸ਼ ਤੋਂ ਮੰਗਵਾਉਂਦੇ ਸਨ। ਉਨ੍ਹਾਂ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਪਹਿਲਾਂ ਹੀ ਤਿੰਨ ਅਤੇ ਕੁਲਦੀਪ ਸਿੰਘ ਖ਼ਿਲਾਫ਼ ਦੋ ਮਾਮਲੇ ਐੱਨਡੀਪੀਐੱਸ ਐਕਟ, ਆਰਮਜ਼ ਐਕਟ ਅਤੇ ਲੁੱਟ-ਖੋਹ ਨਾਲ ਸਬੰਧਤ ਦਰਜ ਹਨ।
ਐੱਸਐੱਸਪੀ ਨੇ ਕਿਹਾ ਕਿ ਪੁਲਿਸ ਦੀ ਮੁਸਤੈਦੀ ਕਾਰਨ ਦੋਵਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ ਇੱਕ ਵੱਡੀ ਵਾਰਦਾਤ ਹੋਣ ਤੋਂ ਟਲ ਗਈ। ਪੁਲਿਸ ਰਿਮਾਂਡ ਦੌਰਾਨ ਬਰਾਮਦ ਹਥਿਆਰਾਂ ਦੇ ਸਰੋਤ ਅਤੇ ਇਸ ਨੈੱਟਵਰਕ ਨਾਲ ਜੁੜੇ ਹੋਰ ਵਿਅਕਤੀਆਂ ਬਾਰੇ ਜਾਣਕਾਰੀ ਹਾਸਲ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਪੁਲਿਸ ਲੋਕਾਂ ਦੀ ਸੁਰੱਖਿਆ ਅਤੇ ਅਮਨ-ਸ਼ਾਂਤੀ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਦੇ ਨੈੱਟਵਰਕ ਨੂੰ ਤੋੜਨ ਲਈ ਕਾਰਵਾਈ ਲਗਾਤਾਰ ਜਾਰੀ ਰਹੇਗੀ। ਇਸ ਮੌਕੇ ਐੱਸਪੀ ਜਸਬਿੰਦਰ ਸਿੰਘ, ਡੀਐੱਸਪੀ ਜਸਵਿੰਦਰ ਸਿੰਘ ਅਤੇ ਪੁਸ਼ਪਿੰਦਰ ਸਿੰਘ ਵੀ ਹਾਜ਼ਰ ਸਨ।