–6 ਐਸਪੀ, 10 ਡੀਐਸਪੀ ਤੇ 1000 ਪੁਲਿਸ ਕਰਮਚਾਰੀਆਂ ਨੇ ਸੰਭਾਲਿਆ
ਬਟਾਲਾ, 2 ਅਗਸਤ-(ਵਿੱਕੀ)-ਪੰਜਾਬ ਵਿੱਚ ਨਸ਼ੇ ਦੇ ਖਾਤਮੇ ਲਈ ਪੁਲਿਸ ਨੇ ਇੱਕ ਵਾਰ ਫਿਰ ਵੱਡੀ ਮੁਹਿੰਮ ਛੇੜ ਦਿੱਤੀ ਹੈ। ਬਟਾਲਾ ਪੁਲਿਸ ਨੇ “ਆਪ੍ਰੇਸ਼ਨ ਪਰਹਾਰ” ਤਹਿਤ ਜ਼ਿਲ੍ਹੇ ਭਰ ਵਿੱਚ ਵਿਸ਼ਾਲ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ ਹੈ। ਇਸ ਦੋ ਦਿਨਾਂ ਮੁਹਿੰਮ ਵਿੱਚ 6 ਐਸਪੀ, 10 ਡੀਐਸਪੀ ਅਤੇ 1000 ਤੋਂ ਵੱਧ ਪੁਲਿਸ ਮੁਲਾਜ਼ਮ ਹਿੱਸਾ ਲੈ ਰਹੇ ਹਨ। ਬਟਾਲਾ ਪੁਲਿਸ ਵੱਲੋਂ ਨਸ਼ੇ ਦੇ ਹੌਟਸਪਾਟ ਇਲਾਕਿਆਂ ਨੂੰ ਨਿਸ਼ਾਨਾ ਬਣਾਉਂਦਿਆਂ ਸਵੇਰੇ ਤੋਂ ਹੀ ਸਰਚ ਆਪ੍ਰੇਸ਼ਨ ਚਲਾਇਆ ਗਿਆ। ਪੁਲਿਸ ਦੀਆਂ ਟੀਮਾਂ ਨੇ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰਦੇ ਹੋਏ ਸ਼ੱਕੀ ਵਿਅਕਤੀਆਂ ਅਤੇ ਨਸ਼ਾ ਤਸਕਰਾਂ ਦੀ ਭਾਲ ਸ਼ੁਰੂ ਕਰ ਦਿੱਤੀ।
ਐਸਐਸਪੀ ਬਟਾਲਾ ਮਹਿਤਾਬ ਸਿੰਘ ਦਾ ਕਹਿਣਾ ਹੈ ਕਿ “ਆਪ੍ਰੇਸ਼ਨ ਪਰਹਾਰ” ਦਾ ਮਕਸਦ ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਤੋੜਨਾ, ਵਾਂਛਿਤ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਅਤੇ ਆਮ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਮਜ਼ਬੂਤ ਕਰਨਾ ਹੈ। ਇਹ ਮੁਹਿੰਮ ਲਗਾਤਾਰ ਦੋ ਦਿਨ ਤੱਕ ਜਾਰੀ ਰਹੇਗੀ।
ਬਟਾਲਾ ਪੁਲਿਸ ਦਾ ਇਹ ਆਪ੍ਰੇਸ਼ਨ ਨਸ਼ੇ ਖ਼ਿਲਾਫ਼ ਜ਼ੀਰੋ ਟੋਲਰੈਂਸ ਨੀਤੀ ਦਾ ਸਪੱਸ਼ਟ ਸੰਦੇਸ਼ ਹੈ। ਆਉਣ ਵਾਲੇ ਦਿਨਾਂ ਵਿੱਚ ਵੀ ਅਜਿਹੀਆਂ ਕਾਰਵਾਈਆਂ ਜਾਰੀ ਰਹਿਣਗੀਆਂ ਤਾਂ ਜੋ ਨਸ਼ਾ ਤਸਕਰਾਂ ‘ਤੇ ਪੂਰੀ ਤਰ੍ਹਾਂ ਨਕੇਲ ਕੱਸੀ ਜਾ ਸਕੇ।