ਫਤਿਹਗੜ੍ਹ ਸਾਹਿਬ ਦੇ ਬਚਤ ਭਵਨ ਵਿੱਚ ਕਰੀਬ ਤਿੰਨ ਘੰਟੇ ਦੇਰੀ ਨਾਲ ਸਮੀਖਿਆ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਪਹੁੰਚਦੇ ਪੰਜਾਬ ਸਟੇਟ ਮਾਈਨਾਰਿਟੀ ਕਮਿਸ਼ਨ ਦੇ ਚੇਅਰਮੈਨ ਜਤਿੰਦਰ ਮਸੀਹ ਗੌਰਵ।
—ਜਤਿੰਦਰ ਮਸੀਹ ਗੌਰਵ ਨੇ ‘ਪੰਜਾਬ ਬੰਦ’ ਨੂੰ ਦੱਸਿਆ ਕਾਰਨ
ਫਤਿਹਗੜ੍ਹ ਸਾਹਿਬ: ਪੰਜਾਬ ਸਟੇਟ ਮਾਈਨਾਰਿਟੀ ਕਮਿਸ਼ਨ ਦੇ ਚੇਅਰਮੈਨ ਜਤਿੰਦਰ ਮਸੀਹ ਗੌਰਵ ਵੱਲੋਂ ਅਲਪਸੰਖਿਆਕ ਭਾਈਚਾਰੇ ਦੀਆਂ ਸਮੱਸਿਆਵਾਂ ਅਤੇ ਸ਼ਿਕਾਇਤਾਂ ਦੇ ਨਿਪਟਾਰੇ ਲਈ ਸਥਾਨਕ ਬਚਤ ਭਵਨ ਵਿੱਚ ਵੱਖ-ਵੱਖ ਪ੍ਰਸ਼ਾਸਨਿਕ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਬੁਲਾਈ ਗਈ ਸੀ। ਹਾਲਾਂਕਿ, ਚੇਅਰਮੈਨ ਦੇ ਕਰੀਬ ਤਿੰਨ ਘੰਟੇ ਦੇਰੀ ਨਾਲ ਪਹੁੰਚਣ ਕਾਰਨ ਮੀਟਿੰਗ ਦਿਨ ਭਰ ਚਰਚਾ ਦਾ ਵਿਸ਼ਾ ਬਣੀ ਰਹੀ।
ਨਿਰਧਾਰਤ ਸਮੇਂ ਅਨੁਸਾਰ ਮੀਟਿੰਗ ਦੁਪਹਿਰ 12 ਵਜੇ ਸ਼ੁਰੂ ਹੋਣੀ ਸੀ, ਪਰ ਚੇਅਰਮੈਨ ਜਤਿੰਦਰ ਮਸੀਹ ਗੌਰਵ ਕਰੀਬ 3 ਵਜੇ ਬਚਤ ਭਵਨ ਪਹੁੰਚੇ। ਇਸ ਦੌਰਾਨ ਸਿਹਤ, ਸਿੱਖਿਆ, ਪੁਲਿਸ ਅਤੇ ਹੋਰ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਘੰਟਿਆਂ ਤੱਕ ਮੀਟਿੰਗ ਸਥਾਨ ‘ਤੇ ਉਡੀਕ ਕਰਦੇ ਰਹੇ।
ਅਧਿਕਾਰੀਆਂ ਦੇ ਲੰਬੇ ਸਮੇਂ ਤੱਕ ਮੀਟਿੰਗ ਲਈ ਉਡੀਕ ਵਿੱਚ ਰਹਿਣ ਕਾਰਨ ਸਰਕਾਰੀ ਦਫ਼ਤਰਾਂ ਵਿੱਚ ਆਪਣੇ ਰੋਜ਼ਾਨਾ ਕੰਮਾਂ ਲਈ ਆਏ ਆਮ ਲੋਕਾਂ ਨੂੰ ਵੀ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕਈ ਦਫ਼ਤਰਾਂ ਵਿੱਚ ਕੰਮ ਪ੍ਰਭਾਵਿਤ ਹੋਣ ਦੀਆਂ ਵੀ ਸ਼ਿਕਾਇਤਾਂ ਸਾਹਮਣੇ ਆਈਆਂ।
ਜਦੋਂ ਮੀਡੀਆ ਨੇ ਚੇਅਰਮੈਨ ਤੋਂ ਦੇਰੀ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਬਰਨਾਲਾ ਵਿੱਚ ਸਫਾਈ ਕਰਮਚਾਰੀਆਂ ਨਾਲ ਹੋਈ ਕਥਿਤ ਧੱਕੇਸ਼ਾਹੀ ਦੇ ਵਿਰੋਧ ਵਿੱਚ ਦਿੱਤੇ ਗਏ ‘ਪੰਜਾਬ ਬੰਦ’ ਕਾਰਨ ਕਈ ਮੁੱਖ ਸੜਕਾਂ ‘ਤੇ ਭਾਰੀ ਟਰੈਫਿਕ ਜਾਮ ਸੀ। ਇਸ ਕਾਰਨ ਉਹ ਸਮੇਂ ਸਿਰ ਫਤਿਹਗੜ੍ਹ ਸਾਹਿਬ ਨਹੀਂ ਪਹੁੰਚ ਸਕੇ।
ਉਨ੍ਹਾਂ ਕਿਹਾ ਕਿ ਮਾਈਨਾਰਿਟੀ ਕਮਿਸ਼ਨ ਆਮ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਵਚਨਬੱਧ ਹੈ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਉਹ ਜਲਦ ਹੀ ਬਰਨਾਲਾ ਦਾ ਦੌਰਾ ਕਰਕੇ ਸਫਾਈ ਕਰਮਚਾਰੀਆਂ ਨਾਲ ਮੁਲਾਕਾਤ ਕਰਨਗੇ, ਉਨ੍ਹਾਂ ਦੀਆਂ ਸਮੱਸਿਆਵਾਂ ਸੁਣਣਗੇ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਯਕੀਨੀ ਬਣਾਉਣ ਲਈ ਸਰਕਾਰ ਕੋਲ ਮਾਮਲਾ ਉਠਾਉਣਗੇ।
