September 23, 2026
WhatsApp Image 2026 07 26 at 18.12.56 1

ਬਟਾਲਾ: ਜਗਤ ਗੁਰੂ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਸਲਾਨਾ ਜੋੜ ਮੇਲੇ ਮੌਕੇ ਸੁਲਤਾਨਪੁਰ ਲੋਧੀ ਤੋਂ ਬਟਾਲਾ ਆਉਣ ਵਾਲੇ ਮਹਾਨ ਨਗਰ ਕੀਰਤਨ ਨੂੰ ਇਸ ਵਾਰ ਦੋ ਦਿਨਾਂ ਦਾ ਕਰਨ ਦਾ ਫੈਸਲਾ ਲਿਆ ਗਿਆ ਹੈ। ਇਹ ਜਾਣਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ, ਜਥੇਦਾਰ ਗੁਰਨਾਮ ਸਿੰਘ ਜੱਸਲ ਅਤੇ ਗੁਰਦੁਆਰਾ ਸ੍ਰੀ ਕੰਧ ਸਾਹਿਬ ਬਟਾਲਾ ਦੇ ਮੈਨੇਜਰ ਜਗਦੀਪ ਸਿੰਘ ਧਾਰੋਵਾਲੀ ਨੇ ਸਾਂਝੇ ਤੌਰ ‘ਤੇ ਦਿੱਤੀ।

ਉਨ੍ਹਾਂ ਦੱਸਿਆ ਕਿ ਵਿਆਹ ਪੁਰਬ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 18 ਸਤੰਬਰ ਨੂੰ ਗੁਰਦੁਆਰਾ ਸ੍ਰੀ ਕੰਧ ਸਾਹਿਬ, ਗੁਰਦੁਆਰਾ ਡੇਹਰਾ ਸਾਹਿਬ ਅਤੇ ਗੁਰਦੁਆਰਾ ਸਤਿਕਰਤਾਰੀਆਂ ਸਾਹਿਬ ਬਟਾਲਾ ਵਿਖੇ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾਵੇਗਾ।

ਜਥੇਦਾਰ ਗੋਰਾ ਅਤੇ ਜੱਸਲ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸੇਵਾ ਸਭਾਵਾਂ, ਧਾਰਮਿਕ ਜਥੇਬੰਦੀਆਂ ਅਤੇ ਸੰਗਤਾਂ ਨਾਲ ਹੋਈ ਮੀਟਿੰਗ ਦੌਰਾਨ ਸੰਗਤਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਪ੍ਰਵਾਨ ਕਰਦਿਆਂ ਨਗਰ ਕੀਰਤਨ ਨੂੰ ਦੋ ਦਿਨਾਂ ਦਾ ਕਰਨ ਦਾ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ।

ਉਨ੍ਹਾਂ ਕਿਹਾ ਕਿ ਪਹਿਲਾਂ ਨਗਰ ਕੀਰਤਨ ਇੱਕ ਹੀ ਦਿਨ ਵਿੱਚ ਸੁਲਤਾਨਪੁਰ ਲੋਧੀ ਤੋਂ ਬਟਾਲਾ ਪਹੁੰਚਦਾ ਸੀ, ਜਿਸ ਕਾਰਨ ਦੇਰ ਰਾਤ ਤੱਕ ਸੰਗਤਾਂ ਨੂੰ ਸੜਕਾਂ ‘ਤੇ ਇੰਤਜ਼ਾਰ ਕਰਨਾ ਪੈਂਦਾ ਸੀ। ਹੁਣ ਦੋ ਦਿਨਾਂ ਦਾ ਪ੍ਰੋਗਰਾਮ ਹੋਣ ਨਾਲ ਸੰਗਤਾਂ ਨੂੰ ਵੱਧ ਸਮਾਂ ਮਿਲੇਗਾ ਅਤੇ ਨਗਰ ਕੀਰਤਨ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਸਕਣਗੀਆਂ।

ਸ਼ਡਿਊਲ ਅਨੁਸਾਰ ਮਹਾਨ ਨਗਰ ਕੀਰਤਨ 16 ਸਤੰਬਰ ਸਵੇਰੇ 9 ਵਜੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਆਰੰਭ ਹੋਵੇਗਾ ਅਤੇ ਸ਼ਾਮ ਨੂੰ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਬਾਬਾ ਬਕਾਲਾ ਸਾਹਿਬ ਵਿਖੇ ਰਾਤ ਦਾ ਵਿਸ਼ਰਾਮ ਕਰੇਗਾ। ਇਸ ਤੋਂ ਬਾਅਦ 17 ਸਤੰਬਰ ਸਵੇਰੇ 7 ਵਜੇ ਬਾਬਾ ਬਕਾਲਾ ਸਾਹਿਬ ਤੋਂ ਰਵਾਨਾ ਹੋ ਕੇ ਵੱਖ-ਵੱਖ ਨਗਰਾਂ ਵਿੱਚੋਂ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਸਤਿਕਰਤਾਰੀਆਂ ਸਾਹਿਬ ਬਟਾਲਾ ਵਿਖੇ ਪਹੁੰਚੇਗਾ।

ਜਥੇਦਾਰ ਗੋਰਾ ਅਤੇ ਜੱਸਲ ਨੇ ਇਸ ਫੈਸਲੇ ਲਈ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ, ਸੁਲਤਾਨਪੁਰ ਲੋਧੀ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਧਾਰਮਿਕ ਜਥੇਬੰਦੀਆਂ ਅਤੇ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਫੈਸਲਾ ਗੁਰਦਾਸਪੁਰ ਜ਼ਿਲ੍ਹੇ ਦੀਆਂ ਸੰਗਤਾਂ ਲਈ ਵੱਡੀ ਸਹੂਲਤ ਸਾਬਤ ਹੋਵੇਗਾ। ਇਸ ਮੌਕੇ ਵੱਡੀ ਗਿਣਤੀ ਵਿੱਚ ਧਾਰਮਿਕ ਸ਼ਖਸੀਅਤਾਂ, ਸੇਵਾਦਾਰ ਅਤੇ ਸੰਗਤਾਂ ਹਾਜ਼ਰ ਸਨ।

Leave a Reply

Your email address will not be published. Required fields are marked *