—– ਪੁਲਿਸ ਨੇ ਤਸਵੀਰ ਜਾਰੀ ਕਰ ਲੋਕਾਂ ਤੋਂ ਮੰਗੀ ਜਾਣਕਾਰੀ
ਚੰਡੀਗੜ੍ਹ: ਕੈਨੇਡਾ ਦੀ ਹੈਲਟਨ ਰੀਜਨਲ ਪੁਲਿਸ ਸਰਵਿਸ ਨੇ ਬਰਲਿੰਗਟਨ ਵਿੱਚ ਇੱਕ ਮਹਿਲਾ ਨਾਲ ਕਥਿਤ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਭਾਰਤੀ ਮੂਲ ਦੇ 25 ਸਾਲਾ ਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਦੋ ਮਾਮਲੇ ਦਰਜ ਕੀਤੇ ਹਨ। ਪੁਲਿਸ ਨੇ ਮੁਲਜ਼ਮ ਦੀ ਤਸਵੀਰ ਅਤੇ ਵੇਰਵਾ ਜਨਤਕ ਕਰਦਿਆਂ ਖਦਸ਼ਾ ਜਤਾਇਆ ਹੈ ਕਿ ਇਸ ਦੇ ਹੋਰ ਵੀ ਪੀੜਤ ਹੋ ਸਕਦੇ ਹਨ। ਇਸ ਲਈ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਕੋਲ ਇਸ ਮਾਮਲੇ ਨਾਲ ਸਬੰਧਿਤ ਕੋਈ ਜਾਣਕਾਰੀ ਹੈ ਜਾਂ ਕੋਈ ਹੋਰ ਵਿਅਕਤੀ ਵੀ ਮੁਲਜ਼ਮ ਦਾ ਸ਼ਿਕਾਰ ਹੋਇਆ ਹੈ ਤਾਂ ਉਹ ਅੱਗੇ ਆ ਕੇ ਪੁਲਿਸ ਨਾਲ ਸੰਪਰਕ ਕਰੇ।
ਪੁਲਿਸ ਮੁਤਾਬਕ 16 ਜੂਨ 2026 ਦੀ ਸ਼ਾਮ ਕਰੀਬ 5:15 ਵਜੇ ਇੱਕ ਮਹਿਲਾ ਬਰਲਿੰਗਟਨ ਰੇਲਵੇ ਸਟੇਸ਼ਨ ਦੀ ਦੱਖਣੀ ਪਾਰਕਿੰਗ ਵਿੱਚ ਮੌਜੂਦ ਸੀ। ਇਸ ਦੌਰਾਨ ਕਿਰਾਏ ‘ਤੇ ਵਾਹਨ ਚਲਾਉਣ ਦਾ ਕੰਮ ਕਰਨ ਵਾਲਾ ਮਨਦੀਪ ਸਿੰਘ ਉਸ ਕੋਲ ਆਇਆ ਅਤੇ ਗੱਲਬਾਤ ਸ਼ੁਰੂ ਕੀਤੀ। ਦੋਸ਼ ਹੈ ਕਿ ਗੱਲਬਾਤ ਦੌਰਾਨ ਉਸ ਨੇ ਮਹਿਲਾ ਨਾਲ ਜਿਨਸੀ ਸ਼ੋਸ਼ਣ ਕੀਤਾ। ਮਹਿਲਾ ਉਥੋਂ ਨਿਕਲ ਕੇ ਨੇੜਲੀ ਇੱਕ ਦੁਕਾਨ ਵੱਲ ਚਲੀ ਗਈ, ਪਰ ਮੁਲਜ਼ਮ ਉਸ ਦਾ ਪਿੱਛਾ ਕਰਦਾ ਹੋਇਆ ਉੱਥੇ ਵੀ ਪਹੁੰਚ ਗਿਆ। ਦੋਸ਼ ਹੈ ਕਿ ਦੁਕਾਨ ਦੇ ਨੇੜੇ ਉਸ ਨੇ ਦੂਜੀ ਵਾਰ ਵੀ ਮਹਿਲਾ ਨਾਲ ਜਿਨਸੀ ਸ਼ੋਸ਼ਣ ਕੀਤਾ।
ਪੁਲਿਸ ਨੇ ਦੱਸਿਆ ਕਿ ਇਸ ਘਟਨਾ ਵਿੱਚ ਮਹਿਲਾ ਨੂੰ ਕੋਈ ਸਰੀਰਕ ਸੱਟ ਨਹੀਂ ਲੱਗੀ। ਸ਼ਿਕਾਇਤ ਮਿਲਣ ਤੋਂ ਬਾਅਦ ਚਾਈਲਡ ਐਬਿਊਜ਼ ਅਤੇ ਸੈਕਸ਼ੁਅਲ ਅਸਾਲਟ ਯੂਨਿਟ ਨੇ ਜਾਂਚ ਸ਼ੁਰੂ ਕੀਤੀ। ਜਾਂਚ ਦੌਰਾਨ ਮੁਲਜ਼ਮ ਦੀ ਪਛਾਣ ਕਰ ਲਈ ਗਈ ਅਤੇ 26 ਜੁਲਾਈ 2026 ਨੂੰ ਐਟੋਬਿਕੋਕ ਨਿਵਾਸੀ ਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਦੋ ਕੇਸ ਦਰਜ ਕੀਤੇ ਗਏ। ਬਾਅਦ ਵਿੱਚ ਉਸ ਨੂੰ ਜ਼ਮਾਨਤ ਸੰਬੰਧੀ ਸੁਣਵਾਈ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ।
ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਘਟਨਾ ਸਮੇਂ ਮੁਲਜ਼ਮ ਕਿਰਾਏ ‘ਤੇ ਵਾਹਨ ਚਲਾ ਰਿਹਾ ਸੀ। ਇਸ ਕਾਰਨ ਪੁਲਿਸ ਨੂੰ ਸ਼ੱਕ ਹੈ ਕਿ ਉਸ ਦੇ ਖ਼ਿਲਾਫ਼ ਹੋਰ ਸ਼ਿਕਾਇਤਾਂ ਵੀ ਸਾਹਮਣੇ ਆ ਸਕਦੀਆਂ ਹਨ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਇਸ ਮਾਮਲੇ ਨਾਲ ਜੁੜੀ ਕੋਈ ਜਾਣਕਾਰੀ ਹੈ ਜਾਂ ਉਹ ਖੁਦ ਵੀ ਮੁਲਜ਼ਮ ਦਾ ਸ਼ਿਕਾਰ ਹੋਇਆ ਹੈ ਤਾਂ ਉਹ ਚਾਈਲਡ ਐਬਿਊਜ਼ ਅਤੇ ਸੈਕਸ਼ੁਅਲ ਅਸਾਲਟ ਯੂਨਿਟ ਨਾਲ ਸੰਪਰਕ ਕਰੇ। ਪੁਲਿਸ ਨੂੰ ਗੁਪਤ ਤੌਰ ‘ਤੇ ਵੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
ਪੁਲਿਸ ਨੇ ਆਪਣੇ ਬਿਆਨ ਵਿੱਚ ਸਪਸ਼ਟ ਕੀਤਾ ਹੈ ਕਿ ਕਿਸੇ ਵੀ ਵਿਅਕਤੀ ਦੀ ਮਰਜ਼ੀ ਦੇ ਵਿਰੁੱਧ ਕੀਤਾ ਗਿਆ ਕੋਈ ਵੀ ਸਪਰਸ਼ ਜਿਨਸੀ ਸ਼ੋਸ਼ਣ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਇਹ ਅਣਚਾਹੇ ਸਪਰਸ਼ ਤੋਂ ਲੈ ਕੇ ਗੰਭੀਰ ਜਿਨਸੀ ਅਪਰਾਧ ਤੱਕ ਹੋ ਸਕਦਾ ਹੈ। ਪੁਲਿਸ ਨੇ ਇਹ ਵੀ ਦੱਸਿਆ ਕਿ ਅਜਿਹੇ ਮਾਮਲਿਆਂ ਵਿੱਚ ਸ਼ਿਕਾਇਤ ਦਰਜ ਕਰਵਾਉਣ ਲਈ ਕੋਈ ਸਮਾਂ-ਸੀਮਾ ਨਿਰਧਾਰਤ ਨਹੀਂ ਹੈ। ਘਟਨਾ ਪੁਰਾਣੀ ਹੋਣ ਦੇ ਬਾਵਜੂਦ ਵੀ ਪੀੜਤ ਪੁਲਿਸ ਕੋਲ ਸ਼ਿਕਾਇਤ ਕਰਕੇ ਜਾਂਚ ਕਰਵਾ ਸਕਦੇ ਹਨ। ਜਿਨਸੀ ਸ਼ੋਸ਼ਣ ਜਾਂ ਹਿੰਸਾ ਦੇ ਪੀੜਤਾਂ ਲਈ ਸਹਾਇਤਾ ਉਪਲਬਧ ਹੈ ਅਤੇ ਲੋੜਵੰਦ ਲੋਕਾਂ ਨੂੰ ਅੱਗੇ ਆ ਕੇ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ।