ਕਾਦੀਆਂ: ਆਮ ਆਦਮੀ ਪਾਰਟੀ ਦੇ ਕਾਦੀਆਂ ਤੋਂ ਹਲਕਾ ਇੰਚਾਰਜ ਗੁਰ ਇਕਬਾਲ ਸਿੰਘ ਮਾਹਲ ਨੇ ਐਲਾਨ ਕੀਤਾ ਹੈ ਕਿ
ਕਾਦੀਆਂ: ਆਮ ਆਦਮੀ ਪਾਰਟੀ ਦੇ ਕਾਦੀਆਂ ਤੋਂ ਹਲਕਾ ਇੰਚਾਰਜ ਗੁਰ ਇਕਬਾਲ ਸਿੰਘ ਮਾਹਲ ਨੇ ਐਲਾਨ ਕੀਤਾ ਹੈ ਕਿ ਉਹ ਆਉਣ ਵਾਲੇ ਕੁਝ ਦਿਨਾਂ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਖ਼ਿਲਾਫ਼ ਮਾਣਹਾਨੀ ਦਾ ਦਾਅਵਾ ਦਾਇਰ ਕਰਨਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰ ਇਕਬਾਲ ਸਿੰਘ ਮਾਹਲ ਨੇ ਕਿਹਾ ਕਿ ਕਾਦੀਆਂ ਨਗਰ ਕੌਂਸਲ ਦੇ ਗਠਨ ਦੌਰਾਨ ਹੋਏ ਵਿਵਾਦ ਵਿੱਚ ਪ੍ਰਤਾਪ ਸਿੰਘ ਬਾਜਵਾ ਨੇ ਉਨ੍ਹਾਂ ਖ਼ਿਲਾਫ਼ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਰਿੱਟ ਪਟੀਸ਼ਨ ਦਾਇਰ ਕੀਤੀ ਸੀ।
ਮਾਹਲ ਨੇ ਦੋਸ਼ ਲਗਾਇਆ ਕਿ ਰਿੱਟ ਨਾਲ ਅਦਾਲਤ ਵਿੱਚ ਜਮ੍ਹਾਂ ਕਰਵਾਏ ਗਏ ਦਸਤਾਵੇਜ਼ ਅਤੇ ਐਫੀਡੇਵਿਟ ਝੂਠੇ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਮਾਣਯੋਗ ਹਾਈ ਕੋਰਟ ਨੇ ਐਫੀਡੇਵਿਟ ਦੀ ਜਾਂਚ ਦੇ ਨਿਰਦੇਸ਼ ਦਿੱਤੇ ਸਨ ਅਤੇ ਜਾਂਚ ਤੋਂ ਬਾਅਦ ਮਾਮਲਾ ਦਰਜ ਕਰਨ ਦੀ ਵੀ ਗੱਲ ਕਹੀ ਸੀ। ਉਨ੍ਹਾਂ ਦਾਅਵਾ ਕੀਤਾ ਕਿ ਇਸ ਤੋਂ ਪਹਿਲਾਂ ਹੀ ਪ੍ਰਤਾਪ ਸਿੰਘ ਬਾਜਵਾ ਦੇ ਵਕੀਲ ਨੇ ਮਾਫ਼ੀ ਮੰਗਦੇ ਹੋਏ ਰਿੱਟ ਵਾਪਸ ਲੈ ਲਈ।
ਗੁਰ ਇਕਬਾਲ ਸਿੰਘ ਮਾਹਲ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਇੱਕ ਉੱਚ ਸੰਵਿਧਾਨਕ ਅਹੁਦੇ ‘ਤੇ ਹਨ ਅਤੇ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਕਦਮ ਨਹੀਂ ਚੁੱਕਣੇ ਚਾਹੀਦੇ। ਉਨ੍ਹਾਂ ਦੋਸ਼ ਲਗਾਇਆ ਕਿ ਬਾਜਵਾ ਲਗਾਤਾਰ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਖ਼ਿਲਾਫ਼ ਬੇਬੁਨਿਆਦ ਬਿਆਨਬਾਜ਼ੀ ਕਰਦੇ ਆ ਰਹੇ ਹਨ।
ਮਾਹਲ ਨੇ ਕਿਹਾ ਕਿ ਉਹ ਜਲਦ ਹੀ ਸਾਰੇ ਲੋੜੀਂਦੇ ਦਸਤਾਵੇਜ਼ ਇਕੱਠੇ ਕਰਕੇ ਸੈਸ਼ਨ ਕੋਰਟ ਵਿੱਚ ਪ੍ਰਤਾਪ ਸਿੰਘ ਬਾਜਵਾ ਖ਼ਿਲਾਫ਼ ਮਾਣਹਾਨੀ ਦਾ ਦਾਅਵਾ ਦਾਇਰ ਕਰਨਗੇ।
ਨੋਟ: ਇਸ ਖ਼ਬਰ ਵਿੱਚ ਦਰਜ ਦੋਸ਼ ਗੁਰ ਇਕਬਾਲ ਸਿੰਘ ਮਾਹਲ ਵੱਲੋਂ ਲਗਾਏ ਗਏ ਹਨ। ਪ੍ਰਤਾਪ ਸਿੰਘ ਬਾਜਵਾ ਵੱਲੋਂ ਇਨ੍ਹਾਂ ਦੋਸ਼ਾਂ ‘ਤੇ ਅਜੇ ਤੱਕ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ।