July 27, 2026

— ਅਦਾਲਤ ਨੇ ਦਿੱਤਾ 8 ਦਿਨਾਂ ਦਾ ਪੁਲਿਸ ਰਿਮਾਂਡਬਾਬਾ ਬਕਾਲਾ ਸਾਹਿਬ/ਅੰਮ੍ਰਿਤਸਰ, 27 ਜੁਲਾਈ (ਬਿਊਰੋ ਰਿਪੋਰਟ ) : ਪੰਜਾਬ

ਅਦਾਲਤ ਨੇ ਦਿੱਤਾ 8 ਦਿਨਾਂ ਦਾ ਪੁਲਿਸ ਰਿਮਾਂਡ
ਬਾਬਾ ਬਕਾਲਾ ਸਾਹਿਬ/ਅੰਮ੍ਰਿਤਸਰ, 27 ਜੁਲਾਈ (ਬਿਊਰੋ ਰਿਪੋਰਟ ) : ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਲੁਕੇ ਗੈਂਗਸਟਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਦੌਰਾਨ ਵੱਡੀ ਸਫਲਤਾ ਮਿਲੀ ਹੈ। ਇੰਡੋਨੇਸ਼ੀਆ ਤੋਂ ਡਿਪੋਰਟ ਕਰਕੇ ਭਾਰਤ ਲਿਆਂਦੇ ਗਏ ਕੁੱਖਿਆਤ ਗੈਂਗਸਟਰ ਜੋਬਨਜੀਤ ਸਿੰਘ ਉਰਫ਼ ਬਿੱਲਾ ਨੂੰ ਸੋਮਵਾਰ ਸਖ਼ਤ ਸੁਰੱਖਿਆ ਹੇਠ ਬਾਬਾ ਬਕਾਲਾ ਸਾਹਿਬ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਸੁਣਵਾਈ ਤੋਂ ਬਾਅਦ ਮੁਲਜ਼ਮ ਨੂੰ 8 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ।

ਵੀਡੀਓ-ਫੜ੍ਹੇ ਗਏ ਆਰੋਪੀ ਨੂੰ ਅਦਾਲਤ ਵਿਚ ਪੇਸ਼ ਕਰਦੇ ਹੋਏ ਪੁਲਿਸ

ਜਾਣਕਾਰੀ ਅਨੁਸਾਰ ਜੋਬਨਜੀਤ ਬਿੱਲਾ ਲੰਬੇ ਸਮੇਂ ਤੋਂ ਵਿਦੇਸ਼ ਵਿੱਚ ਲੁਕਿਆ ਹੋਇਆ ਸੀ। ਉਸ ਦੀ ਗ੍ਰਿਫ਼ਤਾਰੀ ਲਈ ਪੰਜਾਬ ਪੁਲਿਸ ਵੱਲੋਂ ਇੰਟਰਪੋਲ ਰਾਹੀਂ ਰੈੱਡ ਕਾਰਨਰ ਨੋਟਿਸ ਜਾਰੀ ਕਰਵਾਇਆ ਗਿਆ ਸੀ। ਇਹ ਕਾਰਵਾਈ ਪੰਜਾਬ ਪੁਲਿਸ ਦੇ ਵਿਸ਼ੇਸ਼ ਆਪ੍ਰੇਸ਼ਨ ‘ਨੋਮੈਡ ਹੰਟ’ ਤਹਿਤ ਕੀਤੀ ਗਈ, ਜਿਸ ਦਾ ਮਕਸਦ ਵਿਦੇਸ਼ਾਂ ਵਿੱਚ ਲੁਕੇ ਗੈਂਗਸਟਰਾਂ ਨੂੰ ਕਾਨੂੰਨ ਦੇ ਘੇਰੇ ਵਿੱਚ ਲਿਆਉਣਾ ਹੈ।
ਪੁਲਿਸ ਮੁਤਾਬਕ ਜੋਬਨਜੀਤ ਬਿੱਲਾ ਖ਼ਿਲਾਫ਼ ਚਾਰ ਕਤਲਾਂ ਸਮੇਤ ਕਈ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ। ਰਿਮਾਂਡ ਦੌਰਾਨ ਜਾਂਚ ਟੀਮ ਉਸ ਤੋਂ ਗੈਂਗ ਨੈੱਟਵਰਕ, ਸਾਥੀਆਂ ਅਤੇ ਵਿਦੇਸ਼ੀ ਸੰਪਰਕਾਂ ਬਾਰੇ ਪੁੱਛਗਿੱਛ ਕਰੇਗੀ।
ਮੁਲਜ਼ਮ ਦੇ ਵਕੀਲ ਐਡਵੋਕੇਟ ਸਰਦਾਰ ਗੋਬਿੰਦ ਸਿੰਘ ਰੰਧਾਵਾ ਨੇ ਦੱਸਿਆ ਕਿ ਜੋਬਨਜੀਤ ਬਿੱਲਾ ਨੂੰ ਐਫਆਈਆਰ ਨੰਬਰ 94/2023, ਥਾਣਾ ਸਖਿਆਲਾ ਵਿੱਚ ਦਰਜ ਜਰਨੈਲ ਸਿੰਘ ਉਰਫ਼ ਜੈਲਾ ਕਤਲ ਮਾਮਲੇ ਵਿੱਚ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਪੁਲਿਸ ਨੇ 11 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ, ਪਰ ਅਦਾਲਤ ਨੇ ਦੋਵੇਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ 8 ਦਿਨਾਂ ਦਾ ਪੁਲਿਸ ਰਿਮਾਂਡ ਮਨਜ਼ੂਰ ਕੀਤਾ। ਅਦਾਲਤ ਨੇ ਇਹ ਵੀ ਹੁਕਮ ਦਿੱਤਾ ਹੈ ਕਿ ਰਿਮਾਂਡ ਦੌਰਾਨ ਹਰ ਚਾਰ ਦਿਨਾਂ ਬਾਅਦ ਮੁਲਜ਼ਮ ਦਾ ਮੈਡੀਕਲ ਕਰਵਾਇਆ ਜਾਵੇ।
ਵਕੀਲ ਨੇ ਕਿਹਾ ਕਿ ਜੈਲਾ ਕਤਲ ਕੇਸ ਵਿੱਚ ਜੋਬਨਜੀਤ ਬਿੱਲਾ ਨੂੰ ਸਿੱਧਾ ਸ਼ੂਟਰ ਨਹੀਂ, ਸਗੋਂ ਕਥਿਤ ਅਪਰਾਧਿਕ ਸਾਜ਼ਿਸ਼ ਦਾ ਹਿੱਸਾ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਕਰੀਬ 15 ਮੁਲਜ਼ਮ ਹਨ। ਇੰਡੋਨੇਸ਼ੀਆ ਤੋਂ ਡਿਪੋਰਟ ਹੋਣ ਤੋਂ ਬਾਅਦ ਉਸ ਨੂੰ ਮੁੰਬਈ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰਕੇ ਪੰਜਾਬ ਲਿਆਂਦਾ ਗਿਆ ਅਤੇ ਬਾਅਦ ਵਿੱਚ ਅਦਾਲਤ ਵਿੱਚ ਪੇਸ਼ ਕੀਤਾ ਗਿਆ।

Leave a Reply

Your email address will not be published. Required fields are marked *