September 8, 2026
IMG 20260728 WA00131 scaled

—ਸੂਬੇਦਾਰ ਸੰਦੀਪ ਸਿੰਘ ਨੇ ਰਚਿਆ ਇਤਿਹਾਸ

ਬਟਾਲਾ 28 ਜੁਲਾਈ -(ਬਿਊਰੋ)-ਬਟਾਲਾ ਦੇ ਨਜ਼ਦੀਕੀ ਪਿੰਡ ਹਰਚੋਵਾਲ ਦੇ ਹੋਣਹਾਰ ਸਪੂਤ ਅਤੇ ਭਾਰਤੀ ਫੌਜ ਦੇ ਸੂਬੇਦਾਰ ਸੰਦੀਪ ਸਿੰਘ ਨੇ 7077 ਮੀਟਰ ਉੱਚੀ ਮਾਊਂਟ ਕੁਨ ਚੋਟੀ ਫਤਹਿ ਕਰਕੇ ਆਪਣੇ ਪਿੰਡ, ਇਲਾਕੇ ਅਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਭਾਰਤੀ ਫੌਜ ਦੀ ਇੰਡੀਅਨ ਆਰਮੀ ਐਡਵੈਂਚਰ ਟੀਮ ਦੇ ਮੈਂਬਰ ਸੂਬੇਦਾਰ ਸੰਦੀਪ ਸਿੰਘ ਨੇ ਆਪਣੀ ਟੀਮ ਨਾਲ ਮਿਲ ਕੇ ਇਸ ਦੁਸ਼ਵਾਰ ਅਤੇ ਬਰਫ਼ ਨਾਲ ਢੱਕੀ ਚੋਟੀ ‘ਤੇ ਸਫ਼ਲਤਾਪੂਰਵਕ ਤਿਰੰਗਾ ਲਹਿਰਾ ਕੇ ਨਵਾਂ ਇਤਿਹਾਸ ਰਚ ਦਿੱਤਾ। ਉਨ੍ਹਾਂ ਦੀ ਇਸ ਪ੍ਰਾਪਤੀ ਨਾਲ ਪੂਰੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਹੈ।
ਸੂਬੇਦਾਰ ਸੰਦੀਪ ਸਿੰਘ, ਚੈਂਚਲ ਸਿੰਘ ਦੇ ਪੁੱਤਰ ਹਨ ਅਤੇ ਲੰਬੇ ਸਮੇਂ ਤੋਂ ਭਾਰਤੀ ਫੌਜ ਵਿੱਚ ਸੇਵਾਵਾਂ ਨਿਭਾ ਰਹੇ ਹਨ। ਫੌਜ ਦੇ ਐਡਵੈਂਚਰ ਅਭਿਆਨਾਂ ਵਿੱਚ ਸਰਗਰਮ ਭੂਮਿਕਾ ਨਿਭਾਉਂਦੇ ਹੋਏ ਉਹ ਪਹਿਲਾਂ ਵੀ ਕਈ ਉੱਚੀਆਂ ਪਹਾੜੀ ਚੋਟੀਆਂ ‘ਤੇ ਤਿਰੰਗਾ ਲਹਿਰਾ ਕੇ ਦੇਸ਼ ਦਾ ਮਾਣ ਵਧਾ ਚੁੱਕੇ ਹਨ। ਹੁਣ ਮਾਊਂਟ ਕੁਨ ਵਰਗੀ ਚੁਣੌਤੀਪੂਰਨ ਚੋਟੀ ਨੂੰ ਸਰ ਕਰਕੇ ਉਨ੍ਹਾਂ ਨੇ ਆਪਣੇ ਨਾਂ ਇੱਕ ਹੋਰ ਵੱਡੀ ਉਪਲਬਧੀ ਦਰਜ ਕਰਵਾਈ ਹੈ।
7077 ਮੀਟਰ ਦੀ ਉਚਾਈ ‘ਤੇ ਸਥਿਤ ਮਾਊਂਟ ਕੁਨ ‘ਤੇ ਚੜ੍ਹਾਈ ਕਰਨਾ ਬਹੁਤ ਹੀ ਮੁਸ਼ਕਲ ਮੰਨਿਆ ਜਾਂਦਾ ਹੈ। ਘੱਟ ਆਕਸੀਜਨ, ਕੜਾਕੇ ਦੀ ਠੰਢ, ਬਰਫ਼ੀਲੇ ਤੂਫ਼ਾਨ ਅਤੇ ਦੁਸ਼ਵਾਰ ਰਸਤਿਆਂ ਦੇ ਬਾਵਜੂਦ ਸੂਬੇਦਾਰ ਸੰਦੀਪ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਦ੍ਰਿੜ੍ਹ ਇਰਾਦੇ, ਸਖ਼ਤ ਮਿਹਨਤ ਅਤੇ ਸ਼ਾਨਦਾਰ ਹੌਂਸਲੇ ਨਾਲ ਇਹ ਮੁਹਿੰਮ ਸਫ਼ਲਤਾਪੂਰਵਕ ਪੂਰੀ ਕੀਤੀ।
ਸੂਬੇਦਾਰ ਸੰਦੀਪ ਸਿੰਘ ਦੀ ਇਸ ਇਤਿਹਾਸਕ ਸਫ਼ਲਤਾ ਨਾਲ ਨਾ ਸਿਰਫ਼ ਭਾਰਤੀ ਫੌਜ ਦਾ ਮਾਣ ਵਧਿਆ ਹੈ, ਸਗੋਂ ਹਰਚੋਵਾਲ ਪਿੰਡ ਦੀ ਪਛਾਣ ਵੀ ਦੇਸ਼ ਭਰ ਵਿੱਚ ਬਣੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਦੇਸ਼ ਸੇਵਾ ਦੇ ਨਾਲ-ਨਾਲ ਆਪਣੇ ਪਿੰਡ ਦਾ ਨਾਂ ਵਿਸ਼ਵ ਪੱਧਰ ‘ਤੇ ਰੌਸ਼ਨ ਕਰਨਾ ਮਾਣ ਵਾਲੀ ਗੱਲ ਹੈ।
ਸਮੂਹ ਗ੍ਰਾਮ ਪੰਚਾਇਤ, ਪਿੰਡ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਨੇ ਸੂਬੇਦਾਰ ਸੰਦੀਪ ਸਿੰਘ ਅਤੇ ਉਨ੍ਹਾਂ ਦੀ ਟੀਮ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੇ ਬਹਾਦਰ ਅਤੇ ਦੇਸ਼ਭਗਤ ਨੌਜਵਾਨ ਸਮਾਜ ਲਈ ਪ੍ਰੇਰਣਾ ਸਰੋਤ ਹੁੰਦੇ ਹਨ। ਇਲਾਕਾ ਵਾਸੀਆਂ ਨੇ ਸੂਬੇਦਾਰ ਸੰਦੀਪ ਸਿੰਘ ਦੇ ਰੌਸ਼ਨ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਇਹ ਸਫ਼ਲਤਾ ਆਉਣ ਵਾਲੀ ਪੀੜ੍ਹੀ ਨੂੰ ਵੱਡੇ ਸੁਪਨੇ ਦੇਖਣ ਅਤੇ ਉਨ੍ਹਾਂ ਨੂੰ ਸਾਕਾਰ ਕਰਨ ਲਈ ਪ੍ਰੇਰਿਤ ਕਰੇਗੀ।

Leave a Reply

Your email address will not be published. Required fields are marked *