September 8, 2026
WhatsApp Image 2026 07 31 at 19.32.10

ਚੌਹਾਨ ਟੈਕਸੀ” ਦੇ ਨਾਂ ‘ਤੇ ਰਸੀਦਾਂ ਵੀ ਕੱਟੀਆਂ ਜਾਂਦੀਆਂ ਸਨ

ਹਾਜੀਪੁਰ/ਮੁਕੇਰੀਆਂ, 1 ਅਗਸਤ – ਹਾਜੀਪੁਰ ਅਤੇ ਮੁਕੇਰੀਆਂ ਇਲਾਕੇ ਵਿੱਚ ਆਪਣੇ ਆਪ ਨੂੰ ਮਾਈਨਿੰਗ ਵਿਭਾਗ ਦਾ ਅਧਿਕਾਰੀ ਦੱਸ ਕੇ ਟਿੱਪਰ ਅਤੇ ਟਰੈਕਟਰ-ਟਰਾਲੀ ਚਾਲਕਾਂ ਤੋਂ ਗੈਰਕਾਨੂੰਨੀ ਵਸੂਲੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਮਾਈਨਿੰਗ ਵਿਭਾਗ ਅਤੇ ਟਿੱਪਰ ਯੂਨੀਅਨ ਦੀ ਸਾਂਝੀ ਕਾਰਵਾਈ ਦੌਰਾਨ ਕਾਬੂ ਕਰ ਲਿਆ ਗਿਆ। ਯੂਨੀਅਨ ਦੇ ਦਬਾਅ ਤੋਂ ਬਾਅਦ ਹਾਜੀਪੁਰ ਪੁਲਿਸ ਨੇ ਦੋਵਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਟਿੱਪਰ ਯੂਨੀਅਨ ਹਾਜੀਪੁਰ ਅਤੇ ਮੁਕੇਰੀਆਂ ਦੇ ਪ੍ਰਧਾਨ ਬਲਰਾਜ ਸਿੰਘ ਨੇ ਦੱਸਿਆ ਕਿ 26 ਜੁਲਾਈ ਦੀ ਰਾਤ ਤੋਂ ਇੱਕ ਬ੍ਰੇਜ਼ਾ ਕਾਰ ਵਿੱਚ ਸਵਾਰ ਦੋ ਵਿਅਕਤੀ ਪੇਪਰ ਮਿਲ ਮੁਕੇਰੀਆਂ, ਤਲਵਾੜਾ-ਮੁਕੇਰੀਆਂ ਰੋਡ ਅਤੇ ਹਾਜੀਪੁਰ-ਦਸੂਹਾ ਮਾਰਗ ‘ਤੇ ਵੱਖ-ਵੱਖ ਥਾਵਾਂ ‘ਤੇ ਨਾਕੇ ਲਗਾ ਕੇ ਮਾਈਨਿੰਗ ਸਮੱਗਰੀ ਨਾਲ ਲੱਦੇ ਵਾਹਨਾਂ ਨੂੰ ਰੋਕਦੇ ਸਨ। ਉਹ ਆਪਣੇ ਆਪ ਨੂੰ ਮਾਈਨਿੰਗ ਅਧਿਕਾਰੀ ਦੱਸ ਕੇ ਚਾਲਕਾਂ ਨੂੰ ਡਰਾ-ਧਮਕਾ ਕੇ ਪ੍ਰਤੀ ਵਾਹਨ 1,000 ਤੋਂ 2,000 ਰੁਪਏ ਤੱਕ ਦੀ ਨਾਜਾਇਜ਼ ਵਸੂਲੀ ਕਰਦੇ ਸਨ। ਇਨ੍ਹਾਂ ਵੱਲੋਂ “ਚੌਹਾਨ ਟੈਕਸੀ” ਦੇ ਨਾਂ ‘ਤੇ ਰਸੀਦਾਂ ਵੀ ਕੱਟੀਆਂ ਜਾਂਦੀਆਂ ਸਨ।

ਯੂਨੀਅਨ ਨੇ 29 ਜੁਲਾਈ ਨੂੰ ਇਸ ਸਬੰਧੀ ਐੱਸਡੀਓ ਮਾਈਨਿੰਗ ਮੁਕੇਰੀਆਂ ਨੂੰ ਲਿਖਤੀ ਸ਼ਿਕਾਇਤ ਦਿੱਤੀ। ਇਸ ਤੋਂ ਬਾਅਦ ਐੱਸਡੀਓ ਹਰਜਿੰਦਰ ਪਾਲ ਸਿੰਘ, ਜੇਈ ਨੀਤੀਸ਼ ਅਤੇ ਹਰਦੀਪ ਸਿੰਘ ਦੀ ਟੀਮ ਨੇ ਟਿੱਪਰ ਚਾਲਕਾਂ ਦੀ ਮਦਦ ਨਾਲ ਬੁੱਧਵਾਰ ਦੇਰ ਰਾਤ ਦੋਵਾਂ ਮੁਲਜ਼ਮਾਂ ਨੂੰ ਬ੍ਰੇਜ਼ਾ ਕਾਰ ਸਮੇਤ ਕਾਬੂ ਕਰਕੇ ਹਾਜੀਪੁਰ ਪੁਲਿਸ ਹਵਾਲੇ ਕਰ ਦਿੱਤਾ।

ਯੂਨੀਅਨ ਦਾ ਦੋਸ਼ ਹੈ ਕਿ ਪੁਲਿਸ ਨੇ ਪਹਿਲਾਂ ਤੁਰੰਤ ਕੇਸ ਦਰਜ ਨਹੀਂ ਕੀਤਾ, ਜਿਸ ਕਾਰਨ ਮੁਕੇਰੀਆਂ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਹਾਜੀਪੁਰ ਪੁਲਿਸ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕੇ ਗਏ। ਯੂਨੀਅਨ ਨੇ ਇਹ ਵੀ ਦਾਅਵਾ ਕੀਤਾ ਕਿ ਦੋਵਾਂ ਮੁਲਜ਼ਮਾਂ ‘ਤੇ ਪਹਿਲਾਂ ਵੀ ਪਠਾਨਕੋਟ ਵਿੱਚ ਫਰਜ਼ੀ ਡਰੱਗ ਇੰਸਪੈਕਟਰ ਬਣ ਕੇ ਗੈਰਕਾਨੂੰਨੀ ਵਸੂਲੀ ਕਰਨ ਦੇ ਦੋਸ਼ ਲੱਗ ਚੁੱਕੇ ਹਨ, ਪਰ ਉਸ ਵੇਲੇ ਵੀ ਕੋਈ ਸਖ਼ਤ ਕਾਰਵਾਈ ਨਹੀਂ ਹੋਈ ਸੀ।

ਟਿੱਪਰ ਯੂਨੀਅਨ ਦੇ ਵਧਦੇ ਦਬਾਅ ਤੋਂ ਬਾਅਦ ਹਾਜੀਪੁਰ ਪੁਲਿਸ ਨੇ ਆਖ਼ਰਕਾਰ ਦੋਵਾਂ ਖ਼ਿਲਾਫ਼ ਕੇਸ ਦਰਜ ਕਰ ਲਿਆ। ਮੁਲਜ਼ਮਾਂ ਦੀ ਪਛਾਣ ਰਵਿੰਦਰ ਸਿੰਘ, ਪੁੱਤਰ ਮਹਿੰਗਾ ਰਾਮ, ਵਾਸੀ ਬੱਲੋ ਚੌਹਾਨ (ਫਰਜ਼ੀ ਮਾਈਨਿੰਗ ਅਧਿਕਾਰੀ) ਅਤੇ ਹਰਪ੍ਰੀਤ ਸਿੰਘ, ਪੁੱਤਰ ਕਿਸ਼ਨ ਸਿੰਘ, ਵਾਸੀ ਬੱਲੋ ਚੌਹਾਨ, ਥਾਣਾ ਮੁਕੇਰੀਆਂ (ਡਰਾਈਵਰ) ਵਜੋਂ ਹੋਈ ਹੈ।

ਐੱਸਡੀਓ ਮਾਈਨਿੰਗ ਹਰਜਿੰਦਰ ਪਾਲ ਸਿੰਘ ਨੇ ਪੁਸ਼ਟੀ ਕੀਤੀ ਕਿ ਵਿਭਾਗ ਦੀ ਟੀਮ ਨੇ ਦੋਵਾਂ ਨੂੰ ਕਾਬੂ ਕਰਕੇ ਅਗਲੀ ਕਾਨੂੰਨੀ ਕਾਰਵਾਈ ਲਈ ਹਾਜੀਪੁਰ ਪੁਲਿਸ ਦੇ ਹਵਾਲੇ ਕੀਤਾ ਸੀ।

Leave a Reply

Your email address will not be published. Required fields are marked *