September 8, 2026
WhatsApp Image 2026 07 29 at 16.05.23

ਫਾਜ਼ਿਲਕਾ ਸੀਆਈਏ ਦੀ ਵੱਡੀ ਸਫ਼ਲਤਾ

ਅਬੋਹਰ ਵਿੱਚ ਹਥਿਆਰਾਂ ਦੀ ਸਪਲਾਈ ਕਰਨ ਦੀ ਫਿਰਾਕ ਵਿੱਚ ਸੀ ਮੁਲਜ਼ਮ, ਪੁਲਿਸ ਵੱਲੋਂ ਪੂਰੇ ਨੈੱਟਵਰਕ ਦੀ ਜਾਂਚ ਸ਼ੁਰੂ

ਫਾਜ਼ਿਲਕਾ/ਅਬੋਹਰ। ਨਾਜਾਇਜ਼ ਹਥਿਆਰਾਂ ਦੀ ਤਸਕਰੀ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਫਾਜ਼ਿਲਕਾ ਸੀਆਈਏ ਸਟਾਫ਼ ਨੇ ਵੱਡੀ ਕਾਰਵਾਈ ਕਰਦਿਆਂ ਦਿੱਲੀ ਦੇ ਇੱਕ ਨੌਜਵਾਨ ਨੂੰ ਪੰਜ ਨਾਜਾਇਜ਼ ਪਿਸਤੌਲਾਂ ਅਤੇ ਛੇ ਮੈਗਜ਼ੀਨਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਆਰਮਜ਼ ਐਕਟ ਤਹਿਤ ਕੇਸ ਦਰਜ ਕਰਕੇ ਉਸ ਦੇ ਤਸਕਰੀ ਨੈੱਟਵਰਕ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।

ਐੱਸਐੱਸਪੀ ਗਗਨ ਅਜੀਤ ਸਿੰਘ ਨੇ ਦੱਸਿਆ ਕਿ 28 ਜੁਲਾਈ ਨੂੰ ਸੀਆਈਏ ਫਾਜ਼ਿਲਕਾ ਦੇ ਇੰਚਾਰਜ ਇੰਸਪੈਕਟਰ ਸੁਨੀਲ ਕੁਮਾਰ ਦੀ ਅਗਵਾਈ ਹੇਠ ਏਐੱਸਆਈ ਰਾਧੇਸ਼ਿਆਮ ਆਪਣੀ ਟੀਮ ਨਾਲ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੇ ਸਨ। ਇਸ ਦੌਰਾਨ ਗੁਪਤ ਸੂਚਨਾ ਮਿਲੀ ਕਿ ਦਿੱਲੀ ਦੇ ਮੰਗੋਲਪੁਰੀ ਦਾ ਰਹਿਣ ਵਾਲਾ ਪਿਯੂਸ਼ ਬਰੇਲਾ ਅਬੋਹਰ ਦੀ ਦਾਣਾ ਮੰਡੀ ਨੇੜੇ ਅਜੀਤ ਨਗਰ ਲਿੰਕ ਰੋਡ ‘ਤੇ ਨਾਜਾਇਜ਼ ਹਥਿਆਰ ਵੇਚਣ ਲਈ ਗਾਹਕਾਂ ਦੀ ਉਡੀਕ ਕਰ ਰਿਹਾ ਹੈ।

ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਤੁਰੰਤ ਛਾਪੇਮਾਰੀ ਕਰਕੇ ਮੁਲਜ਼ਮ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ਵਿੱਚੋਂ ਪੰਜ ਨਾਜਾਇਜ਼ ਪਿਸਤੌਲ ਅਤੇ ਛੇ ਮੈਗਜ਼ੀਨਾਂ ਬਰਾਮਦ ਹੋਈਆਂ। ਬਰਾਮਦ ਹਥਿਆਰਾਂ ਵਿੱਚ ਇੱਕ ਗਲੌਕ-26 ਜਨਰੇਸ਼ਨ-4 (ਆਸਟਰੀਆ) 9×19 ਪਿਸਤੌਲ, ਦੋ ਦੇਸੀ .30 ਬੋਰ ਪਿਸਤੌਲ, ਇੱਕ ਟੋਕਾਰੇਵ ਪਿਸਤੌਲ ਅਤੇ ਇੱਕ ਸਟਾਰ .30 ਬੋਰ ਪਿਸਤੌਲ ਸ਼ਾਮਲ ਹਨ।

ਪੁਲਿਸ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ 23 ਸਾਲਾ ਪਿਯੂਸ਼ ਬਰੇਲਾ, ਵਾਸੀ ਮੰਗੋਲਪੁਰੀ, ਪਾਲਮ ਕਾਲੋਨੀ (ਦਿੱਲੀ) ਵਜੋਂ ਹੋਈ ਹੈ। ਉਸ ਖ਼ਿਲਾਫ਼ ਥਾਣਾ ਸਿਟੀ-1 ਅਬੋਹਰ ਵਿੱਚ ਆਰਮਜ਼ ਐਕਟ ਤਹਿਤ ਕੇਸ ਦਰਜ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਮੁੱਢਲੀ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਸਾਲ 2024 ਵਿੱਚ ਵੀ ਦਿੱਲੀ ਦੀ ਸਪੈਸ਼ਲ ਸੈੱਲ ਵੱਲੋਂ ਨਾਜਾਇਜ਼ ਹਥਿਆਰਾਂ ਦੀ ਬਰਾਮਦਗੀ ਦੇ ਮਾਮਲੇ ਵਿੱਚ ਪਿਯੂਸ਼ ਬਰੇਲਾ ਖ਼ਿਲਾਫ਼ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ।

ਐੱਸਐੱਸਪੀ ਨੇ ਦੱਸਿਆ ਕਿ ਪੁਲਿਸ ਦੀ ਜਾਂਚ ਹੁਣ ਮੁਲਜ਼ਮ ਦੇ ਬੈਕਵਰਡ ਅਤੇ ਫਾਰਵਰਡ ਲਿੰਕਾਂ ‘ਤੇ ਕੇਂਦਰਿਤ ਹੈ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਹਥਿਆਰ ਕਿੱਥੋਂ ਲਿਆਂਦੇ ਗਏ, ਕਿਸ ਗਿਰੋਹ ਜਾਂ ਨੈੱਟਵਰਕ ਰਾਹੀਂ ਇਨ੍ਹਾਂ ਦੀ ਸਪਲਾਈ ਕੀਤੀ ਜਾ ਰਹੀ ਸੀ ਅਤੇ ਇਹ ਹਥਿਆਰ ਕਿਨ੍ਹਾਂ ਲੋਕਾਂ ਤੱਕ ਪਹੁੰਚਾਏ ਜਾਣੇ ਸਨ। ਪੁਲਿਸ ਨੂੰ ਉਮੀਦ ਹੈ ਕਿ ਪੁੱਛਗਿੱਛ ਦੌਰਾਨ ਹਥਿਆਰ ਤਸਕਰੀ ਨਾਲ ਜੁੜੇ ਹੋਰ ਅਹਿਮ ਖੁਲਾਸੇ ਹੋ ਸਕਦੇ ਹਨ।

Leave a Reply

Your email address will not be published. Required fields are marked *