September 8, 2026
IMG 20260826 WA0036

– ਵੜਿੰਗ ਸਮੇਤ ਕਈ ਆਗੂ ਹਿਰਾਸਤ ਵਿੱਚ

– ਲੋਕ ਭਵਨ ਵੱਲ ਵਧਣ ਤੋਂ ਪੁਲਿਸ ਨੇ ਰੋਕਿਆ

ਚੰਡੀਗੜ੍ਹ: ਦੇਸ਼ ਵਿੱਚ ਚੀਨੀ ਸਮੇਤ ਜ਼ਰੂਰੀ ਖਾਧ ਪਦਾਰਥਾਂ ਦੀਆਂ ਵਧ ਰਹੀਆਂ ਕੀਮਤਾਂ ਦੇ ਵਿਰੋਧ ਵਿੱਚ ਪੰਜਾਬ ਕਾਂਗਰਸ ਵੱਲੋਂ ਬੁੱਧਵਾਰ ਨੂੰ ਚੰਡੀਗੜ੍ਹ ਵਿੱਚ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਸੈਂਕੜੇ ਕਾਂਗਰਸੀ ਵਰਕਰ ਪੰਜਾਬ ਕਾਂਗਰਸ ਭਵਨ ਦੇ ਬਾਹਰ ਇਕੱਠੇ ਹੋਏ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਵਧਦੀ ਮਹਿੰਗਾਈ ਦੇ ਵਿਰੋਧ ਵਿੱਚ ਪ੍ਰਦਰਸ਼ਨਕਾਰੀਆਂ ਨੇ ਬਿਨਾਂ ਚੀਨੀ ਵਾਲੀ ਚਾਹ ਵਰਤਾਉਂਦਿਆਂ ਪ੍ਰਤੀਕਾਤਮਕ ਪ੍ਰਦਰਸ਼ਨ ਵੀ ਕੀਤਾ।

img 20260826 wa00366900906400064736202
ਪੁਲਿਸ ਅਤੇ ਕਾਂਗਰਸੀਆਂ ਵਿਚਲੇ ਝੜਪ

ਪ੍ਰਦਰਸ਼ਨ ਦੌਰਾਨ ਕਾਂਗਰਸੀ ਵਰਕਰਾਂ ਨੇ ਲੋਕ ਭਵਨ ਵੱਲ ਵਧਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਨੇ ਬੈਰੀਕੇਡ ਲਗਾ ਕੇ ਉਨ੍ਹਾਂ ਨੂੰ ਰੋਕ ਦਿੱਤਾ। ਲੋਕ ਭਵਨ ਤੋਂ ਕਰੀਬ ਇਕ ਕਿਲੋਮੀਟਰ ਪਹਿਲਾਂ ਹੀ ਭਾਰੀ ਪੁਲਿਸ ਬਲ ਤਾਇਨਾਤ ਕਰਕੇ ਆਵਾਜਾਈ ਰੋਕ ਦਿੱਤੀ ਗਈ ਸੀ।

ਪ੍ਰਦਰਸ਼ਨਕਾਰੀਆਂ ਦੇ ਅੱਗੇ ਵਧਣ ਦੀ ਕੋਸ਼ਿਸ਼ ਕਰਨ ‘ਤੇ ਪੁਲਿਸ ਨੇ ਪਾਣੀ ਦੀਆਂ ਬੁਛਾੜਾਂ ਕੀਤੀਆਂ ਅਤੇ ਉਨ੍ਹਾਂ ਨੂੰ ਪਿੱਛੇ ਹਟਾਉਣ ਲਈ ਪੁਲਿਸ ਬਲ ਦੀ ਵਰਤੋਂ ਕੀਤੀ।

img 20260826 wa003716298466878190960058

ਇਸ ਤੋਂ ਬਾਅਦ ਪੁਲਿਸ ਨੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਕਈ ਸੀਨੀਅਰ ਆਗੂਆਂ ਅਤੇ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ। ਸਾਰੇ ਆਗੂਆਂ ਨੂੰ ਸੈਕਟਰ-11 ਥਾਣੇ ਲਿਜਾਇਆ ਗਿਆ, ਜਿੱਥੋਂ ਬਾਅਦ ਵਿੱਚ ਉਨ੍ਹਾਂ ਨੂੰ ਛੱਡ ਦਿੱਤਾ ਗਿਆ। ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿੱਚ ਮਹਿਲਾ ਕਾਂਗਰਸੀ ਵਰਕਰਾਂ ਨੇ ਵੀ ਸ਼ਮੂਲੀਅਤ ਕੀਤੀ।

ਰਾਜਾ ਵੜਿੰਗ ਨੇ ਦੋਸ਼ ਲਗਾਇਆ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੀਆਂ ਨੀਤੀਆਂ ਕਾਰਨ ਆਮ ਲੋਕਾਂ ਲਈ ਰੋਜ਼ਾਨਾ ਵਰਤੋਂ ਦੀਆਂ ਵਸਤੂਆਂ ਲਗਾਤਾਰ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਖੁਦਰਾ ਅਤੇ ਥੋਕ ਚੀਨੀ ਦੀਆਂ ਕੀਮਤਾਂ ਵਿੱਚ ਕਰੀਬ 40 ਫੀਸਦੀ ਵਾਧਾ ਹੋਇਆ ਹੈ, ਜਦਕਿ ਕੁਝ ਸੂਬਿਆਂ ਵਿੱਚ ਇਹ ਵਾਧਾ 50 ਫੀਸਦੀ ਤੱਕ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਅੱਠ ਸੂਬਿਆਂ ਵਿੱਚ ਚੀਨੀ ਦੀ ਕੀਮਤ 65 ਰੁਪਏ ਪ੍ਰਤੀ ਕਿਲੋ ਤੋਂ ਵੀ ਜ਼ਿਆਦਾ ਹੋ ਚੁੱਕੀ ਹੈ।

ਵੜਿੰਗ ਨੇ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਵਿੱਚ ਚੀਨੀ 48 ਰੁਪਏ ਤੋਂ ਵਧ ਕੇ 67 ਰੁਪਏ ਅਤੇ ਗੁੜ 50 ਰੁਪਏ ਤੋਂ ਵਧ ਕੇ 65 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ। ਉਨ੍ਹਾਂ ਚੀਨੀ ਦੀ ਬਰਾਮਦ, ਐਥੇਨਾਲ ਉਤਪਾਦਨ ਵਿੱਚ ਗੰਨੇ ਦੀ ਵਰਤੋਂ ਅਤੇ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਦਰਾਮਦ ਨੀਤੀ ਸਬੰਧੀ ਕੇਂਦਰ ਸਰਕਾਰ ਤੋਂ ਸਵਾਲ ਪੁੱਛੇ।

ਉਨ੍ਹਾਂ ਕਿਹਾ ਕਿ ਜੇਕਰ ਈ-20 ਐਥੇਨਾਲ ਮਿਸ਼ਰਣ ਨਾਲ ਤੇਲ ਦੀ ਬੱਚਤ ਹੋ ਰਹੀ ਹੈ ਤਾਂ ਪੈਟਰੋਲ ਦੀਆਂ ਕੀਮਤਾਂ ਵਿੱਚ ਆਮ ਲੋਕਾਂ ਨੂੰ ਰਾਹਤ ਕਿਉਂ ਨਹੀਂ ਮਿਲ ਰਹੀ। ਵੜਿੰਗ ਨੇ ਆਟਾ, ਦਾਲਾਂ, ਖਾਣ ਵਾਲੇ ਤੇਲ, ਪਿਆਜ਼, ਚੀਨੀ ਅਤੇ ਗੁੜ ਦੀਆਂ ਵਧਦੀਆਂ ਕੀਮਤਾਂ ਦਾ ਮੁੱਦਾ ਚੁੱਕਦਿਆਂ ਸਰਕਾਰ ‘ਤੇ ਮਹਿੰਗਾਈ ਨੂੰ ਕੰਟਰੋਲ ਕਰਨ ਵਿੱਚ ਨਾਕਾਮ ਰਹਿਣ ਦਾ ਦੋਸ਼ ਲਗਾਇਆ।

ਪ੍ਰਦਰਸ਼ਨ ਵਿੱਚ ਏਆਈਸੀਸੀ ਸਕੱਤਰ ਰਵਿੰਦਰ ਦਲਵੀ, ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ, ਹਰਦਿਆਲ ਕੰਬੋਜ, ਕੁਲਜੀਤ ਸਿੰਘ ਨਾਗਰਾ, ਗੁਰਸ਼ਰਨ ਰੰਧਾਵਾ ਸਮੇਤ ਕਈ ਸੀਨੀਅਰ ਆਗੂ ਅਤੇ ਵਰਕਰ ਮੌਜੂਦ ਰਹੇ। ਹਾਲਾਂਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਕਈ ਸੀਨੀਅਰ ਕਾਂਗਰਸੀ ਆਗੂ ਪ੍ਰਦਰਸ਼ਨ ਵਿੱਚ ਨਜ਼ਰ ਨਹੀਂ ਆਏ।

Leave a Reply

Your email address will not be published. Required fields are marked *