ਹਮਲਾਵਰਾਂ ਵੱਲੋਂ ਕਥਿਤ ਹਮਲੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ, ਬੀਕੇਆਈ ਨੇ ਪੋਸਟ ਰਾਹੀਂ ਜ਼ਿੰਮੇਵਾਰੀ ਲੈਣ ਦਾ ਕੀਤਾ ਦਾਅਵਾ
ਬਟਾਲਾ, 2 ਅਗਸਤ। ਬਟਾਲਾ ਦੇ ਸਿਵਲ ਲਾਈਨ ਥਾਣੇ ਅਧੀਨ ਆਉਂਦੀ ਅਰਬਨ ਅਸਟੇਟ ਪੁਲਿਸ ਚੌਕੀ ਦੇ ਬਾਹਰ ਸ਼ਨੀਵਾਰ ਰਾਤ ਕਰੀਬ 10 ਵਜੇ ਹੋਏ ਇਕ ਜ਼ੋਰਦਾਰ ਧਮਾਕੇ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਧਮਾਕਾ ਚੌਕੀ ਦੇ ਮੁੱਖ ਗੇਟ ਨਾਲ ਲੱਗਦੀ ਬਾਹਰੀ ਕੰਧ ਕੋਲ ਹੋਣ ਕਾਰਨ ਚੌਕੀ ਅੰਦਰ ਮੌਜੂਦ ਪੁਲਿਸ ਮੁਲਾਜ਼ਮਾਂ ਵਿੱਚ ਹੜਕੰਪ ਮਚ ਗਿਆ। ਹਾਲਾਂਕਿ ਇਸ ਘਟਨਾ ਵਿੱਚ ਕਿਸੇ ਤਰ੍ਹਾਂ ਦੇ ਜਾਨੀ ਜਾਂ ਵੱਡੇ ਮਾਲੀ ਨੁਕਸਾਨ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ।
ਘਟਨਾ ਤੋਂ ਬਾਅਦ ਬਟਾਲਾ ਪੁਲਿਸ ਨੇ ਪਹਿਲਾਂ ਵਾਪਰੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਂਗ ਇਸ ਮਾਮਲੇ ‘ਤੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਇਕ ਪੋਸਟ ਵਾਇਰਲ ਹੋ ਰਹੀ ਹੈ, ਜਿਸ ਵਿੱਚ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਵੱਲੋਂ ਇਸ ਹਮਲੇ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇੱਕ ਕਥਿਤ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ ਨੂੰ ਹਮਲੇ ਤੋਂ ਪਹਿਲਾਂ ਦੀ ਦੱਸਿਆ ਜਾ ਰਿਹਾ ਹੈ।
ਹਾਲਾਂਕਿ ਇਸ ਵਾਇਰਲ ਪੋਸਟ ਅਤੇ ਵੀਡੀਓ ਦੀ ਸੁਤੰਤਰ ਤੌਰ ‘ਤੇ ਕੋਈ ਪੁਸ਼ਟੀ ਨਹੀਂ ਹੋ ਸਕੀ ਹੈ।
ਜਾਣਕਾਰੀ ਅਨੁਸਾਰ, ਧਮਾਕੇ ਸਮੇਂ ਚੌਕੀ ਇੰਚਾਰਜ ਬਿਕਰਮ ਸਿੰਘ ਸਮੇਤ ਤਿੰਨ ਪੁਲਿਸ ਮੁਲਾਜ਼ਮ ਅਤੇ ਇੱਕ ਹੋਰ ਵਿਅਕਤੀ ਚੌਕੀ ਅੰਦਰ ਮੌਜੂਦ ਸਨ। ਧਮਾਕੇ ਦੀ ਆਵਾਜ਼ ਸੁਣਦੇ ਹੀ ਚੌਕੀ ਵਿੱਚ ਹੜਕੰਪ ਮਚ ਗਿਆ। ਸੂਚਨਾ ਮਿਲਣ ਉਪਰੰਤ ਸੀਨੀਅਰ ਪੁਲਿਸ ਅਧਿਕਾਰੀ ਭਾਰੀ ਪੁਲਿਸ ਫੋਰਸ ਨਾਲ ਮੌਕੇ ‘ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਸੂਤਰਾਂ ਮੁਤਾਬਕ, ਸਵੇਰ ਹੋਣ ਤੋਂ ਪਹਿਲਾਂ ਹੀ ਚੌਕੀ ਦੀ ਬਾਹਰੀ ਕੰਧ ‘ਤੇ ਪੁਤਾਈ ਕਰਵਾ ਕੇ ਧਮਾਕੇ ਦੇ ਨਿਸ਼ਾਨ ਮਿਟਾ ਦਿੱਤੇ ਗਏ।
ਇਸ ਸਬੰਧੀ ਐਸਐਸਪੀ ਬਟਾਲਾ ਮਹਿਤਾਬ ਸਿੰਘ ਸਮੇਤ ਕਿਸੇ ਵੀ ਪੁਲਿਸ ਅਧਿਕਾਰੀ ਵੱਲੋਂ ਨਾ ਤਾਂ ਘਟਨਾ ਦੀ ਅਧਿਕਾਰਤ ਪੁਸ਼ਟੀ ਕੀਤੀ ਗਈ ਅਤੇ ਨਾ ਹੀ ਕੋਈ ਬਿਆਨ ਜਾਰੀ ਕੀਤਾ ਗਿਆ।