ਲਗਾਤਾਰ ਵਾਰਦਾਤਾਂ ਨਾਲ ਲੋਕਾਂ ‘ਚ ਸਹਿਮ, ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਕੀਤੀ ਸ਼ੁਰੂ
ਫਤਿਹਗੜ੍ਹ ਚੂੜੀਆਂ। ਸ਼ਹਿਰ ਵਿੱਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤਾਜ਼ਾ ਮਾਮਲਾ ਮਜੀਠਾ ਰੋਡ ਸਥਿਤ ਅਜੀਤ ਕਾਲੋਨੀ ਦੇ ਵਾਰਡ ਨੰਬਰ-4 ਦਾ ਹੈ, ਜਿੱਥੇ ਚੋਰਾਂ ਨੇ ਇੱਕ ਐਨਆਰਆਈ ਪਰਿਵਾਰ ਦੇ ਬੰਦ ਪਏ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਲੱਖਾਂ ਰੁਪਏ ਦੇ ਸੋਨੇ ਦੇ ਗਹਿਣਿਆਂ ਅਤੇ ਵਿਦੇਸ਼ੀ ਕਰੰਸੀ ‘ਤੇ ਹੱਥ ਸਾਫ਼ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ। ਖ਼ਾਸ ਗੱਲ ਇਹ ਹੈ ਕਿ ਇਸੇ ਕਾਲੋਨੀ ਵਿੱਚ ਕੁਝ ਦਿਨ ਪਹਿਲਾਂ ਵੀ ਇੱਕ ਹੋਰ ਘਰ ਵਿੱਚ ਚੋਰੀ ਹੋਈ ਸੀ, ਜਿਸ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਲੱਗ ਸਕਿਆ।
ਜਾਣਕਾਰੀ ਅਨੁਸਾਰ ਘਰ ਦੇ ਮਾਲਕ ਯੂਕੇ ਵਿੱਚ ਰਹਿੰਦੇ ਹਨ, ਜਦਕਿ ਘਰ ਦੀ ਦੇਖਭਾਲ ਉਨ੍ਹਾਂ ਦੇ ਰਿਸ਼ਤੇਦਾਰ ਸੁਖਦੇਵ ਸਿੰਘ ਅਤੇ ਉਨ੍ਹਾਂ ਦੀ ਪਤਨੀ ਚਰਨਜੀਤ ਕੌਰ ਕਰ ਰਹੇ ਸਨ। ਉਹ ਸਮੇਂ-ਸਮੇਂ ‘ਤੇ ਘਰ ਦੀ ਸਫ਼ਾਈ ਕਰਨ ਲਈ ਆਉਂਦੇ ਰਹਿੰਦੇ ਹਨ। ਜਦੋਂ ਉਹ ਘਰ ਪਹੁੰਚੇ ਤਾਂ ਮੁੱਖ ਦਰਵਾਜ਼ਾ ਖੁੱਲ੍ਹਾ ਮਿਲਿਆ। ਅੰਦਰ ਜਾ ਕੇ ਦੇਖਿਆ ਤਾਂ ਕਮਰਿਆਂ ਦੇ ਤਾਲੇ ਟੁੱਟੇ ਹੋਏ ਸਨ ਅਤੇ ਸਾਰਾ ਸਮਾਨ ਖਿਲਰਿਆ ਪਿਆ ਸੀ। ਚੋਰ ਰਸੋਈ ਵਾਲੇ ਪਾਸੇ ਤੋਂ ਘਰ ਅੰਦਰ ਦਾਖ਼ਲ ਹੋਏ ਅਤੇ ਅਲਮਾਰੀਆਂ ਤੇ ਬਕਸਿਆਂ ਦੀ ਫਰੋਲ-ਫਰਾਲ ਕਰਕੇ ਕੀਮਤੀ ਸਮਾਨ ਲੈ ਗਏ।
ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਤੁਰੰਤ ਵੀਡੀਓ ਕਾਲ ਰਾਹੀਂ ਯੂਕੇ ਵਿੱਚ ਰਹਿ ਰਹੀ ਆਪਣੀ ਧੀ ਅਤੇ ਜਵਾਈ ਨੂੰ ਸੂਚਿਤ ਕੀਤਾ। ਪਰਿਵਾਰ ਮੁਤਾਬਕ ਘਰ ਵਿੱਚ ਰੱਖੇ ਕਰੀਬ 12 ਤੋਲੇ ਸੋਨੇ ਦੇ ਗਹਿਣੇ ਅਤੇ ਕੁਝ ਵਿਦੇਸ਼ੀ ਕਰੰਸੀ (ਪੌਂਡ) ਗਾਇਬ ਹੈ। ਉਨ੍ਹਾਂ ਦੱਸਿਆ ਕਿ ਕਰੀਬ 20 ਦਿਨ ਪਹਿਲਾਂ ਜਦੋਂ ਉਹ ਘਰ ਦੀ ਸਫ਼ਾਈ ਕਰਕੇ ਗਏ ਸਨ, ਉਸ ਵੇਲੇ ਸਭ ਕੁਝ ਠੀਕ-ਠਾਕ ਸੀ।
ਪਰਿਵਾਰ ਨੇ ਦੱਸਿਆ ਕਿ ਚੋਰ ਜਾਂਦੇ ਸਮੇਂ ਘਰ ਵਿੱਚ ਪਏ ਬਿਸਕੁਟਾਂ ਦੇ ਪੈਕਟ ਵੀ ਖਾ ਗਏ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਹ ਕੁਝ ਸਮੇਂ ਤੱਕ ਘਰ ਦੇ ਅੰਦਰ ਹੀ ਰਹੇ।
ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਥਾਣਾ ਫਤਿਹਗੜ੍ਹ ਚੂੜੀਆਂ ਦੇ ਐਸਐਚਓ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ। ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ। ਉੱਧਰ, ਲਗਾਤਾਰ ਹੋ ਰਹੀਆਂ ਚੋਰੀਆਂ ਕਾਰਨ ਇਲਾਕਾ ਵਾਸੀਆਂ ਨੇ ਰਾਤ ਸਮੇਂ ਪੁਲਿਸ ਗਸ਼ਤ ਵਧਾਉਣ ਅਤੇ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕਰਨ ਦੀ ਮੰਗ ਕੀਤੀ ਹੈ।