–ਨਸ਼ਾ ਤਸਕਰਾਂ ‘ਤੇ ਲਗਾਏ ਮ੍ਰਿਤਕ ਦੇ ਪਰਿਵਾਰ ਨੇ ਗੰਭੀਰ ਦੋਸ਼
-ਭੈਣ ਬੋਲੀ- ਦੋ ਵਾਰ ਨਸ਼ਾ ਛੁਡਾਊ ਕੇਂਦਰ ਭੇਜਿਆ
ਅੰਮ੍ਰਿਤਸਰ, (ਲਲਿਤ ਕੁਮਾਰ):ਅੰਮ੍ਰਿਤਸਰ ਦੇ ਰਤਨ ਸਿੰਘ ਚੌਂਕ ਸਥਿਤ ਨਵੀਂ ਆਬਾਦੀ ਫੈਜ਼ਪੁਰਾ ਦੇ ਰਹਿਣ ਵਾਲੇ 26 ਸਾਲਾ ਰਵਿੰਦਰ ਸਿੰਘ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਤੋਂ ਬਾਅਦ ਪਰਿਵਾਰ ਨੇ ਨਸ਼ਾ ਤਸਕਰਾਂ ਅਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਗੰਭੀਰ ਦੋਸ਼ ਲਗਾਏ ਹਨ। ਪਰਿਵਾਰ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਖੁੱਲ੍ਹੇਆਮ ਨਸ਼ਾ ਵਿਕਣ ਕਾਰਨ ਉਨ੍ਹਾਂ ਦਾ ਇਕੱਲਾ ਪੁੱਤਰ ਨਸ਼ੇ ਦੀ ਭੇਟ ਚੜ੍ਹ ਗਿਆ। ਉੱਧਰ ਪੁਲਿਸ ਨੇ ਕਿਹਾ ਹੈ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਮ੍ਰਿਤਕ ਦੀ ਭੈਣ ਕਾਜਲ ਨੇ ਦੱਸਿਆ ਕਿ ਰਵਿੰਦਰ ਸਿੰਘ ਨੂੰ ਦੋ ਵਾਰ ਨਸ਼ਾ ਛੁਡਾਊ ਕੇਂਦਰ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਪਰ ਇਲਾਕੇ ਵਿੱਚ ਆਸਾਨੀ ਨਾਲ ਨਸ਼ਾ ਮਿਲਣ ਕਾਰਨ ਉਹ ਮੁੜ ਇਸ ਦੀ ਲਪੇਟ ਵਿੱਚ ਆ ਗਿਆ। ਉਸ ਨੇ ਦੱਸਿਆ ਕਿ ਨਸ਼ੇ ਦੀ ਲਤ ਕਾਰਨ ਉਸ ਦਾ ਵਿਆਹੁਤਾ ਜੀਵਨ ਵੀ ਟੁੱਟ ਗਿਆ ਸੀ ਅਤੇ ਪਤਨੀ ਵੀ ਉਸ ਤੋਂ ਵੱਖ ਹੋ ਗਈ ਸੀ।
ਪਰਿਵਾਰ ਨੇ ਦੋਸ਼ ਲਗਾਇਆ ਕਿ ਫੈਜ਼ਪੁਰਾ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਸ਼ਾਮ ਦੇ ਸਮੇਂ ਚਿੱਟਾ ਅਤੇ ਹੋਰ ਨਸ਼ੀਲੇ ਪਦਾਰਥ ਖੁੱਲ੍ਹੇਆਮ ਵੇਚੇ ਜਾਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ 200 ਤੋਂ 500 ਰੁਪਏ ਵਿੱਚ ਨਸ਼ਾ ਆਸਾਨੀ ਨਾਲ ਉਪਲਬਧ ਹੈ, ਪਰ ਇਸ ਦੇ ਬਾਵਜੂਦ ਪ੍ਰਭਾਵਸ਼ਾਲੀ ਕਾਰਵਾਈ ਨਹੀਂ ਕੀਤੀ ਜਾ ਰਹੀ। ਪਰਿਵਾਰ ਨੇ ਸਰਕਾਰ ਅਤੇ ਪੁਲਿਸ ਤੋਂ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਭਾਵੁਕ ਹੋਈ ਕਾਜਲ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦਾ ਇਕੱਲਾ ਚਿਰਾਗ ਬੁੱਝ ਗਿਆ ਹੈ। ਉਸ ਨੇ ਅਪੀਲ ਕੀਤੀ ਕਿ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਕੇ ਹੋਰ ਪਰਿਵਾਰਾਂ ਨੂੰ ਇਸ ਤਰ੍ਹਾਂ ਦਾ ਦੁੱਖ ਸਹਿਣ ਤੋਂ ਬਚਾਇਆ ਜਾਵੇ।
ਇਸ ਸਬੰਧੀ ਥਾਣਾ ਰਣਜੀਤ ਐਵਨਿਊ ਦੇ ਪੁਲਿਸ ਅਧਿਕਾਰੀ ਰੋਬਿਨ ਹੰਸ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਰਵਾਇਆ ਗਿਆ ਹੈ। ਮੌਤ ਦੇ ਅਸਲ ਕਾਰਨਾਂ ਦਾ ਖੁਲਾਸਾ ਰਿਪੋਰਟ ਆਉਣ ਤੋਂ ਬਾਅਦ ਹੀ ਹੋਵੇਗਾ ਅਤੇ ਉਸੇ ਦੇ ਆਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਜੇ ਕਿਸੇ ਨੂੰ ਇਲਾਕੇ ਵਿੱਚ ਨਸ਼ਾ ਵਿਕਣ ਸਬੰਧੀ ਜਾਣਕਾਰੀ ਹੈ ਤਾਂ ਉਹ “ਸੇਫ ਪੰਜਾਬ” ਪਲੇਟਫਾਰਮ ਜਾਂ ਪੁਲਿਸ ਨੂੰ ਗੁਪਤ ਤਰੀਕੇ ਨਾਲ ਸੂਚਨਾ ਦੇ ਸਕਦਾ ਹੈ। ਸੂਚਨਾ ਦੇਣ ਵਾਲੇ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
