November 20, 2026
file 0000000050108208be36c38d998c9614

–ਕਾਹਨੂੰਵਾਨ ਰੋਡ ’ਤੇ ਟਰਾਲੀ ਨਾਲ ਟਕਰਾਈ ਬੱਸ, –ਕਾਦੀਆਂ ਰੋਡ ’ਤੇ ਰਾਜਧਾਨੀ ਟਰਾਂਸਪੋਰਟ ਦੀ ਬੱਸ ਨੇ ਬਾਈਕ ਸਵਾਰ ਦੋ ਦੋਸਤਾਂ ਨੂੰ ਕੁਚਲਿਆ
ਬਟਾਲਾ: ਬਟਾਲਾ ਵਿੱਚ ਸੋਮਵਾਰ ਸਵੇਰੇ ਦੋ ਵੱਖ-ਵੱਖ ਸੜਕ ਹਾਦਸਿਆਂ ਵਿੱਚ ਪਿਓ-ਪੁੱਤ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਚਾਰ ਹੋਰ ਜ਼ਖ਼ਮੀ ਹੋ ਗਏ। ਪਹਿਲਾ ਹਾਦਸਾ ਕਾਹਨੂੰਵਾਨ ਰੋਡ ’ਤੇ ਪਿੰਡ ਮਲਿਕਪੁਰ ਨੇੜੇ ਵਾਪਰਿਆ, ਜਿੱਥੇ ਅਣਪਛਾਤੇ ਵਾਹਨ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਪਿਓ-ਪੁੱਤ ਦੀ ਮੌਤ ਹੋ ਗਈ। ਇਸੇ ਦੌਰਾਨ ਸੜਕ ’ਤੇ ਖੜ੍ਹੀ ਝੋਨੇ ਨਾਲ ਭਰੀ ਟਰੈਕਟਰ-ਟਰਾਲੀ ਨਾਲ ਪਿੱਛੋਂ ਆ ਰਹੀ ਨਿੱਜੀ ਬੱਸ ਟਕਰਾ ਗਈ, ਜਿਸ ਕਾਰਨ ਬੱਸ ਵਿੱਚ ਸਵਾਰ ਚਾਰ ਵਿਅਕਤੀ ਜ਼ਖ਼ਮੀ ਹੋ ਗਏ। ਦੂਜਾ ਹਾਦਸਾ ਕਾਦੀਆਂ ਰੋਡ ’ਤੇ ਫਲਾਹੀ ਸਾਹਿਬ ਨੇੜੇ ਵਾਪਰਿਆ, ਜਿੱਥੇ ਤੇਜ਼ ਰਫ਼ਤਾਰ ਰਾਜਧਾਨੀ ਟਰਾਂਸਪੋਰਟ ਦੀ ਬੱਸ ਨੇ ਮੋਟਰਸਾਈਕਲ ਸਵਾਰ ਦੋ ਦੋਸਤਾਂ ਨੂੰ ਟੱਕਰ ਮਾਰ ਦਿੱਤੀ। ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।

image editor output image1753883042 1793627747521
ਮ੍ਰਿਤਕ ਹਰਵਿੰਦਰ ਸਿੰਘ
image editor output image1587023466 1793627814151
ਮ੍ਰਿਤਕ ਸਲਵਿੰਦਰ ਸਿੰਘ


ਅਣਪਛਾਤੇ ਵਾਹਨ ਦੀ ਟੱਕਰ ਨਾਲ ਪਿਓ-ਪੁੱਤ ਦੀ ਮੌਤ
ਪਹਿਲਾ ਹਾਦਸਾ ਸੋਮਵਾਰ ਸਵੇਰੇ ਕਰੀਬ ਸਵਾ ਛੇ ਵਜੇ ਕਾਹਨੂੰਵਾਨ ਰੋਡ ’ਤੇ ਪਿੰਡ ਮਲਿਕਪੁਰ ਨੇੜੇ ਵਾਪਰਿਆ। ਮ੍ਰਿਤਕ ਸਲਵਿੰਦਰ ਸਿੰਘ ਦੇ ਭਰਾ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ 65 ਸਾਲਾ ਭਰਾ ਸਲਵਿੰਦਰ ਸਿੰਘ ਅਤੇ 35 ਸਾਲਾ ਭਤੀਜਾ ਹਰਵਿੰਦਰ ਸਿੰਘ ਵਾਸੀ ਪਿੰਡ ਠੱਕਰ ਸੰਧੂ ਕੰਮ ਦੇ ਸਿਲਸਿਲੇ ਵਿੱਚ ਮੋਟਰਸਾਈਕਲ ’ਤੇ ਬਟਾਲਾ ਆ ਰਹੇ ਸਨ। ਇਸ ਦੌਰਾਨ ਕਿਸੇ ਅਣਪਛਾਤੇ ਵਾਹਨ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਵੇਂ ਗੰਭੀਰ ਜ਼ਖ਼ਮੀ ਹੋ ਕੇ ਸੜਕ ’ਤੇ ਡਿੱਗ ਪਏ।
ਇਸੇ ਦੌਰਾਨ ਕਾਹਨੂੰਵਾਨ ਵੱਲੋਂ ਝੋਨੇ ਨਾਲ ਭਰੀ ਟਰੈਕਟਰ-ਟਰਾਲੀ ਲੈ ਕੇ ਆ ਰਹੇ ਚਾਲਕ ਨੇ ਸੜਕ ’ਤੇ ਜ਼ਖ਼ਮੀ ਪਏ ਪਿਓ-ਪੁੱਤ ਦੀ ਮਦਦ ਕਰਨ ਲਈ ਆਪਣੀ ਟਰਾਲੀ ਰੋਕ ਦਿੱਤੀ। ਇਸੇ ਦੌਰਾਨ ਪਿੱਛੋਂ ਆ ਰਹੀ ਨਿੱਜੀ ਬੱਸ ਜੀਕੇਆਰ ਨੇ ਖੜ੍ਹੀ ਟਰਾਲੀ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਬੱਸ ਵਿੱਚ ਸਵਾਰ ਬਲਵਿੰਦਰ ਸਿੰਘ ਅਤੇ ਉਸ ਦੀ ਪਤਨੀ ਸੁਰਿੰਦਰ ਕੌਰ ਵਾਸੀ ਪਿੰਡ ਮੱਲੀਆਂ ਸਮੇਤ ਚਾਰ ਵਿਅਕਤੀ ਜ਼ਖ਼ਮੀ ਹੋ ਗਏ।
ਸਾਰੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਬਟਾਲਾ ਪਹੁੰਚਾਇਆ ਗਿਆ, ਜਿੱਥੇ ਦੋ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਦੂਜੇ ਪਾਸੇ, ਮੋਟਰਸਾਈਕਲ ਸਵਾਰ ਪਿਓ-ਪੁੱਤ ਨੂੰ ਵੀ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਥਾਣਾ ਸਿਵਲ ਲਾਈਨ ਦੇ ਏਐੱਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਸਲਵਿੰਦਰ ਸਿੰਘ ਦੇ ਪੁੱਤਰ ਬਲਜਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਟਰਾਲੀ ਨਾਲ ਬੱਸ ਦੀ ਟੱਕਰ ਦੇ ਮਾਮਲੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਕਾਲਜ ਜਾਣ ਲਈ ਨਿਕਲੇ ਸਨ ਦੋਵੇਂ ਦੋਸਤ, ਬੱਸ ਦੀ ਟੱਕਰ ਨਾਲ ਮੌਤ
ਦੂਜਾ ਹਾਦਸਾ ਸੋਮਵਾਰ ਸਵੇਰੇ ਕਰੀਬ ਸਵਾ ਸੱਤ ਵਜੇ ਕਾਦੀਆਂ ਰੋਡ ’ਤੇ ਫਲਾਹੀ ਸਾਹਿਬ ਨੇੜੇ ਵਾਪਰਿਆ। ਇੱਥੇ ਤੇਜ਼ ਰਫ਼ਤਾਰ ਰਾਜਧਾਨੀ ਟਰਾਂਸਪੋਰਟ ਦੀ ਬੱਸ ਨੇ ਬੁਲੇਟ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।

image editor output image1629284629 1793627909207
ਮ੍ਰਿਤਕ ਜੈਪ੍ਰੀਤ ਸਿੰਘ
image editor output image1005505791 1793627893164
ਮ੍ਰਿਤਕ ਜਸ਼ਨਪ੍ਰੀਤ ਸਿੰਘ


ਮ੍ਰਿਤਕ ਜੈਪ੍ਰੀਤ ਸਿੰਘ ਦੇ ਪਿਤਾ ਜੁਗਰਾਜ ਸਿੰਘ ਵਾਸੀ ਕਾਦੀਆਂ ਨੇ ਦੱਸਿਆ ਕਿ ਉਨ੍ਹਾਂ ਦਾ 25 ਸਾਲਾ ਪੁੱਤਰ ਜੈਪ੍ਰੀਤ ਸਿੰਘ ਅਤੇ ਉਸ ਦਾ 22 ਸਾਲਾ ਦੋਸਤ ਜਸ਼ਨਪ੍ਰੀਤ ਸਿੰਘ ਵਾਸੀ ਪਿੰਡ ਭਾਮੜੀ ਅੰਮ੍ਰਿਤਸਰ ਦੇ ਗਲੋਬਲ ਕਾਲਜ ਵਿੱਚ ਸਿਵਲ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਹੇ ਸਨ। ਦੋਵੇਂ ਆਮ ਤੌਰ ’ਤੇ ਕਾਲਜ ਦੀ ਬੱਸ ਰਾਹੀਂ ਆਉਂਦੇ-ਜਾਂਦੇ ਸਨ। ਸੋਮਵਾਰ ਨੂੰ ਦੇਰ ਹੋ ਜਾਣ ਕਾਰਨ ਦੋਵੇਂ ਬੁਲੇਟ ਮੋਟਰਸਾਈਕਲ ’ਤੇ ਬਟਾਲਾ ਤੋਂ ਬੱਸ ਫੜਨ ਲਈ ਨਿਕਲੇ ਸਨ।
ਜਦੋਂ ਉਹ ਫਲਾਹੀ ਸਾਹਿਬ ਨੇੜੇ ਪਹੁੰਚੇ ਤਾਂ ਬਟਾਲਾ ਤੋਂ ਚੰਡੀਗੜ੍ਹ ਜਾ ਰਹੀ ਰਾਜਧਾਨੀ ਟਰਾਂਸਪੋਰਟ ਦੀ ਤੇਜ਼ ਰਫ਼ਤਾਰ ਬੱਸ ਨੇ ਕਥਿਤ ਤੌਰ ’ਤੇ ਗ਼ਲਤ ਦਿਸ਼ਾ ਵਿੱਚ ਜਾ ਕੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਬੱਸ ਚਾਲਕ ਵਾਹਨ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ।
ਥਾਣਾ ਸੇਖਵਾਂ ਦੀ ਪੁਲਿਸ ਨੇ ਬੱਸ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਬਾਕਸ: ਰਾਜਧਾਨੀ ਟਰਾਂਸਪੋਰਟ ਦੀ ਬੱਸ ਪਹਿਲਾਂ ਵੀ ਹਾਦਸੇ ਦਾ ਬਣੀ ਸੀ ਕਾਰਨ
ਰਾਜਧਾਨੀ ਟਰਾਂਸਪੋਰਟ ਦੀਆਂ ਬੱਸਾਂ ਪਹਿਲਾਂ ਵੀ ਸੜਕ ਹਾਦਸਿਆਂ ਕਾਰਨ ਚਰਚਾ ਵਿੱਚ ਰਹੀਆਂ ਹਨ। ਸਾਲ 2024 ਵਿੱਚ ਇਸੇ ਟਰਾਂਸਪੋਰਟ ਦੀ ਇੱਕ ਤੇਜ਼ ਰਫ਼ਤਾਰ ਬੱਸ ਕਾਦੀਆਂ ਰੋਡ ’ਤੇ ਸ਼ਾਹਬਾਦ ਅੱਡੇ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਉਸ ਹਾਦਸੇ ਵਿੱਚ ਤਿੰਨ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ, ਜਦਕਿ 20 ਹੋਰ ਜ਼ਖ਼ਮੀ ਹੋ ਗਏ ਸਨ।

Leave a Reply

Your email address will not be published. Required fields are marked *