September 8, 2026
IMG 20260811 WA0012 scaled


—ਫਿਰੋਜ਼ਪੁਰ-ਫਾਜ਼ਿਲਕਾ ਰੋਡ ‘ਤੇ ਏਐੱਨਟੀਐੱਫ ਨੇ ਕਾਰ ਨੂੰ ਘੇਰ ਕੇ ਫੜਿਆ

–ਪਾਕਿਸਤਾਨੀ ਤਸਕਰ ਸ਼ਾਹ ਪਠਾਨ ਨਾਲ ਜੁੜੇ ਨੈੱਟਵਰਕ ਦਾ ਹੋਇਆ ਖੁਲਾਸਾ
ਫਿਰੋਜ਼ਪੁਰ: ਐਂਟੀ-ਨਾਰਕੋਟਿਕਸ ਟਾਸਕ ਫੋਰਸ (ਏਐੱਨਟੀਐੱਫ) ਫਿਰੋਜ਼ਪੁਰ ਰੇਂਜ ਨੇ ਸਰਹੱਦ ਪਾਰ ਸਰਗਰਮ ਡਰੱਗ ਸਿੰਡੀਕੇਟ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ 30 ਕਿਲੋ 672 ਗ੍ਰਾਮ ਹੈਰੋਇਨ ਬਰਾਮਦ ਕਰਕੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਹੈਰੋਇਨ ਦੀ ਤਸਕਰੀ ਲਈ ਵਰਤੀ ਜਾ ਰਹੀ ਹੁੰਡਈ ਵਰਨਾ ਕਾਰ ਵੀ ਬਰਾਮਦ ਕੀਤੀ ਗਈ ਹੈ।
ਇਹ ਕਾਰਵਾਈ ਏਡੀਜੀਪੀ ਏਐੱਨਟੀਐੱਫ ਪੰਜਾਬ ਨੀਲਾਭ ਕਿਸ਼ੋਰ ਦੀ ਅਗਵਾਈ, ਏਆਈਜੀ ਆਪਰੇਸ਼ਨਜ਼ ਅਸ਼ਵਨੀ ਗੋਤਿਆਲ ਦੇ ਨਿਰਦੇਸ਼ਾਂ ਅਤੇ ਐੱਸਪੀ ਏਐੱਨਟੀਐੱਫ ਫਿਰੋਜ਼ਪੁਰ ਰੇਂਜ ਗੁਰਿੰਦਰਬੀਰ ਸਿੰਘ ਸਿੱਧੂ ਦੀ ਨਿਗਰਾਨੀ ਹੇਠ ਕੀਤੀ ਗਈ। ਪੁਲਿਸ ਮੁਤਾਬਕ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਹੈਰੋਇਨ ਦੀ ਇਹ ਖੇਪ ਪਾਕਿਸਤਾਨ ਸਥਿਤ ਕਥਿਤ ਤਸਕਰ ਸ਼ਾਹ ਪਠਾਨ ਵੱਲੋਂ ਭੇਜੀ ਗਈ ਸੀ। ਇਹ ਖੇਪ ਥਾਣਾ ਸਦਰ ਫਿਰੋਜ਼ਪੁਰ ਅਧੀਨ ਪੈਂਦੇ ਪਿੰਡ ਆਲੀਕੇ ਦੇ ਇਲਾਕੇ ਵਿੱਚ ਇੱਕ ਸਥਾਨਕ ਤਸਕਰ ਵੱਲੋਂ ਪ੍ਰਾਪਤ ਕੀਤੀ ਗਈ ਸੀ।
ਪੁਖ਼ਤਾ ਸੂਚਨਾ ਦੇ ਆਧਾਰ ‘ਤੇ ਏਐੱਨਟੀਐੱਫ ਦੀਆਂ ਟੀਮਾਂ ਨੇ ਫਿਰੋਜ਼ਪੁਰ-ਫਾਜ਼ਿਲਕਾ ਰੋਡ ‘ਤੇ ਨਾਕਾਬੰਦੀ ਕੀਤੀ। ਇਸ ਦੌਰਾਨ ਸ਼ੱਕੀ ਹੁੰਡਈ ਵਰਨਾ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਗਈ। ਕਾਰ ਵਿੱਚੋਂ ਭਾਰੀ ਮਾਤਰਾ ਵਿੱਚ ਹੈਰੋਇਨ ਬਰਾਮਦ ਹੋਣ ਤੋਂ ਬਾਅਦ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਅਨਮੋਲਪ੍ਰੀਤ ਸਿੰਘ ਉਰਫ਼ ਅਨਮੋਲ (24) ਵਾਸੀ ਕਸੂਰੀ ਗੇਟ ਫਿਰੋਜ਼ਪੁਰ, ਆਕਾਸ਼ ਸਿੰਘ ਉਰਫ਼ ਆਕਾਸ਼ (22) ਵਾਸੀ ਗੁਲਾਮ ਪੱਤਰਾ, ਹਾਲ ਵਾਸੀ ਸੰਤ ਕਬੀਰ ਨਗਰ ਫਿਰੋਜ਼ਪੁਰ ਅਤੇ ਅੰਸ਼ਪ੍ਰੀਤ ਸਿੰਘ ਉਰਫ਼ ਅੰਸ਼ (25) ਵਾਸੀ ਮੱਛੀ ਮੰਡੀ, ਰਾਜਘਾਟ ਫਿਰੋਜ਼ਪੁਰ ਵਜੋਂ ਹੋਈ ਹੈ। ਅਨਮੋਲਪ੍ਰੀਤ ਅਤੇ ਆਕਾਸ਼ ਆਈਟੀਆਈ ਕਾਲਜ ਵਿੱਚ ਪੜ੍ਹਾਈ ਕਰ ਰਹੇ ਹਨ, ਜਦਕਿ ਅੰਸ਼ਪ੍ਰੀਤ ਇੱਕ ਨਿੱਜੀ ਆਰਕੀਟੈਕਟ ਕੋਲ ਸਹਾਇਕ ਵਜੋਂ ਕੰਮ ਕਰਦਾ ਹੈ। ਬਰਾਮਦ ਕਾਰ ਅੰਸ਼ਪ੍ਰੀਤ ਦੇ ਨਾਂ ‘ਤੇ ਰਜਿਸਟਰਡ ਹੈ।
ਇਸ ਸਬੰਧੀ ਏਐੱਨਟੀਐੱਫ ਥਾਣਾ ਐੱਸਏਐੱਸ ਨਗਰ ਵਿੱਚ ਐੱਫਆਈਆਰ ਨੰਬਰ 177, ਮਿਤੀ 10 ਅਗਸਤ 2026 ਨੂੰ ਐੱਨਡੀਪੀਐੱਸ ਐਕਟ ਦੀਆਂ ਧਾਰਾਵਾਂ 21 ਅਤੇ 29 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਹੁਣ ਇਸ ਨੈੱਟਵਰਕ ਦੇ ਅੱਗੇ ਅਤੇ ਪਿੱਛੇ ਜੁੜੇ ਸੰਪਰਕਾਂ ਦਾ ਪਤਾ ਲਗਾਉਣ ਦੇ ਨਾਲ-ਨਾਲ ਪਿੰਡ ਆਲੀਕੇ ਵਿੱਚ ਖੇਪ ਪ੍ਰਾਪਤ ਕਰਨ ਵਾਲੇ ਵਿਅਕਤੀ ਦੀ ਪਛਾਣ ਕਰਨ ਵਿੱਚ ਜੁਟੀ ਹੋਈ ਹੈ।

Leave a Reply

Your email address will not be published. Required fields are marked *