September 8, 2026
IMG 20260805 WA0006

– 7 ਵਿਦੇਸ਼ੀ ਪਿਸਤੌਲਾਂ ਸਮੇਤ ਸਮੱਗਲਰ ਪੁਲਿਸ ਅੜਿਕੇ ਚੜੇ

ਤਰਨਤਾਰਨ-05 ਅਗਸਤ-(ਬਿਊਰੋ)-ਬੀਤੀ ਰਾਤ ਪਾਕਿਸਤਾਨ ਵੱਲੋਂ ਭਾਰਤੀ ਸਰਹੱਦ ਅੰਦਰ ਤਿੰਨ ਡਰੋਨ ਭੇਜੇ ਗਏ। ਬੀਐਸਐਫ ਨੇ ਤੁਰੰਤ ਕਾਰਵਾਈ ਕਰਦਿਆਂ ਪੂਰੇ ਇਲਾਕੇ ਵਿੱਚ ਸਰਚ ਆਪ੍ਰੇਸ਼ਨ ਚਲਾਇਆ, ਜਿਸ ਦੌਰਾਨ ਵੱਡੀ ਮਾਤਰਾ ਵਿੱਚ ਹਥਿਆਰ ਬਰਾਮਦ ਕੀਤੇ ਗਏ। ਇਸ ਦੌਰਾਨ ਪੁਲਿਸ ਨੇ ਇੱਕ ਸਮੱਗਲਰ ਨੂੰ ਮੌਕੇ ਤੋਂ ਹੀ ਕਾਬੂ ਕਰ ਲਿਆ। ਮਾਮਲੇ ਸਬੰਧੀ ਥਾਣਾ ਖਾਲੜਾ ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਖਾਲੜਾ ਸੈਕਟਰ ਵਿੱਚ ਤਾਇਨਾਤ ਬੀਐਸਐਫ ਦੀ 142ਵੀਂ ਬਟਾਲੀਅਨ ਦੇ ਜਵਾਨਾਂ ਨੇ ਦੇਰ ਰਾਤ ਬੀਓਪੀ ਮੰਗਲੀ ਪੋਸਟ ਨੇੜੇ ਡਰੋਨਾਂ ਦੀ ਹਲਚਲ ਮਹਿਸੂਸ ਕੀਤੀ। ਜਵਾਨਾਂ ਨੇ ਵੇਖਿਆ ਕਿ ਪਾਕਿਸਤਾਨ ਵੱਲੋਂ ਲਗਾਤਾਰ ਤਿੰਨ ਡਰੋਨ ਇੱਕੋ ਦਿਸ਼ਾ ਵੱਲ ਭੇਜੇ ਜਾ ਰਹੇ ਹਨ। ਇਸ ‘ਤੇ ਬੀਐਸਐਫ ਨੇ ਡਰੋਨਾਂ ‘ਤੇ ਫਾਇਰਿੰਗ ਕੀਤੀ, ਜਿਸ ਤੋਂ ਬਾਅਦ ਡਰੋਨ ਨਜ਼ਰੋਂ ਓਝਲ ਹੋ ਗਏ।
ਘਟਨਾ ਮਗਰੋਂ ਕੀਤੀ ਗਈ ਸਰਚ ਦੌਰਾਨ ਪੁਲਿਸ ਨੇ ਇੱਕ ਸਮੱਗਲਰ ਨੂੰ ਕਾਬੂ ਕਰ ਲਿਆ, ਜਿਸ ਦੀ ਪਛਾਣ ਮਨਜੀਤ ਸਿੰਘ ਪੁੱਤਰ ਜਰਨੈਲ ਸਿੰਘ, ਵਾਸੀ ਪਿੰਡ ਵਾਨ, ਜ਼ਿਲ੍ਹਾ ਤਰਨਤਾਰਨ ਵਜੋਂ ਹੋਈ ਹੈ।
ਤਰਨਤਾਰਨ ਦੇ ਐੱਸਐੱਸਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਸਰਚ ਆਪ੍ਰੇਸ਼ਨ ਦੌਰਾਨ ਸੱਤ ਵਿਦੇਸ਼ੀ ਪਿਸਤੌਲ, ਇੱਕ ਗ੍ਰੈਪਰ ਸਕਿਉਰਿਟੀ ਗਨ, 89 ਜਿੰਦਾ ਕਾਰਤੂਸ ਅਤੇ ਇੱਕ ਮੋਬਾਈਲ ਫੋਨ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਹਥਿਆਰਾਂ ਦੀ ਖੇਪ ਪਾਕਿਸਤਾਨ ਵਿੱਚ ਬੈਠੇ ਤਸਕਰਾਂ ਨਾਲ ਸੰਪਰਕ ਕਰਕੇ ਮੰਗਵਾਈ ਗਈ ਸੀ।
ਐੱਸਐੱਸਪੀ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਖਾਲੜਾ ਵਿੱਚ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਤਿੰਨ ਡਰੋਨਾਂ ਰਾਹੀਂ ਭੇਜੀ ਗਈ ਹਥਿਆਰਾਂ ਦੀ ਇਸ ਵੱਡੀ ਖੇਪ ਦੀ ਬਰਾਮਦਗੀ ਬੀਐਸਐਫ ਲਈ ਇੱਕ ਵੱਡੀ ਕਾਮਯਾਬੀ ਹੈ।

Leave a Reply

Your email address will not be published. Required fields are marked *