September 8, 2026
WhatsApp Image 2026 07 29 at 18.44.52

— ਪਰਿਵਾਰ ਨੇ ਕੈਨੇਡਾ ਤੇ ਭਾਰਤ ਸਰਕਾਰ ਤੋਂ ਇਨਸਾਫ ਦੀ ਕੀਤੀ ਮੰਗ

ਇਕਤਰਫ਼ਾ ਪਿਆਰ ਕਾਰਨ ਨੌਜਵਾਨ ਕਰਦਾ ਸੀ ਪਰੇਸ਼ਾਨ, ਪਹਿਲਾਂ ਵੀ ਪੁਲਿਸ ਕੋਲ ਦਰਜ ਸੀ ਸ਼ਿਕਾਇਤ

ਵੀਡੀਓ ਕਾਲ ਦੌਰਾਨ ਭਰਾ ਨੂੰ ਕਿਹਾ- “ਸ਼ਰਨ ਆ ਗਿਆ”, ਕੁਝ ਪਲਾਂ ਬਾਅਦ ਟੁੱਟ ਗਿਆ ਸੰਪਰਕ, ਫਿਰ ਮਿਲੀ ਕਤਲ ਦੀ ਖ਼ਬਰ

ਅੰਮ੍ਰਿਤਸਰ। ਕੈਨੇਡਾ ਦੇ ਟੋਰਾਂਟੋ ਵਿੱਚ ਅੰਮ੍ਰਿਤਸਰ ਦੀ 26 ਸਾਲਾ ਨਵਨੀਤ ਕੌਰ ਦੀ ਦਿਨ-ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕੀਤੇ ਜਾਣ ਦੀ ਘਟਨਾ ਨੇ ਪਰਿਵਾਰ ਨੂੰ ਗਹਿਰੇ ਸਦਮੇ ਵਿੱਚ ਧੱਕ ਦਿੱਤਾ ਹੈ। ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਇਕਤਰਫ਼ਾ ਪਿਆਰ ਦੇ ਚੱਲਦਿਆਂ ਇੱਕ ਪੰਜਾਬੀ ਨੌਜਵਾਨ ਲੰਬੇ ਸਮੇਂ ਤੋਂ ਨਵਨੀਤ ਨੂੰ ਤੰਗ ਕਰ ਰਿਹਾ ਸੀ ਅਤੇ ਇਸ ਸਬੰਧੀ ਕੈਨੇਡਾ ਪੁਲਿਸ ਕੋਲ ਪਹਿਲਾਂ ਹੀ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ। ਹੁਣ ਪਰਿਵਾਰ ਨੇ ਕੈਨੇਡਾ ਸਰਕਾਰ ਤੋਂ ਇਨਸਾਫ ਅਤੇ ਭਾਰਤ ਸਰਕਾਰ ਤੋਂ ਮ੍ਰਿਤਕ ਦੇਹ ਜਲਦੀ ਭਾਰਤ ਲਿਆਉਣ ਲਈ ਦਖ਼ਲ ਦੀ ਮੰਗ ਕੀਤੀ ਹੈ।

ਮ੍ਰਿਤਕਾ ਦੇ ਪਿਤਾ ਹਰਭਜਨ ਸਿੰਘ ਅਤੇ ਚਾਚਾ ਬਲਬੀਰ ਸਿੰਘ ਨੇ ਦੱਸਿਆ ਕਿ ਨਵਨੀਤ ਕੌਰ ਕਰੀਬ ਪੰਜ ਸਾਲ ਪਹਿਲਾਂ ਸਟੱਡੀ ਵੀਜ਼ੇ ‘ਤੇ ਕੈਨੇਡਾ ਗਈ ਸੀ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸ ਨੂੰ ਵਰਕ ਪਰਮਿਟ ਮਿਲਿਆ ਅਤੇ ਬਾਅਦ ਵਿੱਚ ਸਥਾਈ ਨਿਵਾਸ (ਪੀ.ਆਰ.) ਹਾਸਲ ਕਰਕੇ ਉਹ ਟੋਰਾਂਟੋ ਦੇ ਇੱਕ ਬੈਂਕ ਵਿੱਚ ਨੌਕਰੀ ਕਰ ਰਹੀ ਸੀ। ਉਹ ਕਰੀਬ ਇੱਕ ਮਹੀਨਾ ਪਹਿਲਾਂ ਚਾਰ ਸਾਲਾਂ ਬਾਅਦ ਆਪਣੇ ਪਰਿਵਾਰ ਨੂੰ ਮਿਲਣ ਅੰਮ੍ਰਿਤਸਰ ਆਈ ਸੀ। 27 ਜੂਨ ਨੂੰ ਉਸ ਨੇ ਅੰਮ੍ਰਿਤ ਛਕਿਆ ਅਤੇ 29 ਜੂਨ ਨੂੰ ਮੁੜ ਕੈਨੇਡਾ ਚਲੀ ਗਈ ਸੀ।

ਪਰਿਵਾਰ ਦਾ ਦਾਅਵਾ ਹੈ ਕਿ ਕੋਟਕਪੂਰਾ ਨਾਲ ਸਬੰਧਤ ਸ਼ਰਨਜੀਤ ਨਾਮਕ ਨੌਜਵਾਨ ਪਿਛਲੇ ਕਈ ਮਹੀਨਿਆਂ ਤੋਂ ਨਵਨੀਤ ਨੂੰ ਲਗਾਤਾਰ ਪਰੇਸ਼ਾਨ ਕਰ ਰਿਹਾ ਸੀ। ਉਹ ਉਸ ਦਾ ਪਿੱਛਾ ਕਰਦਾ, ਵਾਰ-ਵਾਰ ਫੋਨ ਕਰਦਾ ਅਤੇ ਉਸ ਦੇ ਕੰਮ ਵਾਲੀ ਥਾਂ ਤੱਕ ਵੀ ਪਹੁੰਚ ਗਿਆ ਸੀ। ਇਸ ਤੋਂ ਬਾਅਦ ਨਵਨੀਤ ਨੇ ਕੈਨੇਡਾ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ‘ਤੇ ਕਾਰਵਾਈ ਕਰਦਿਆਂ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ ਅਤੇ ਮਾਮਲਾ ਅਦਾਲਤ ਤੱਕ ਪਹੁੰਚ ਗਿਆ। ਪਰਿਵਾਰ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਵੀ ਨਵਨੀਤ ਨੇ ਆਪਣਾ ਮੋਬਾਈਲ ਨੰਬਰ ਅਤੇ ਰਹਿਣ ਦਾ ਪਤਾ ਬਦਲ ਲਿਆ ਸੀ, ਪਰ ਇਸ ਦੇ ਬਾਵਜੂਦ ਮੁਲਜ਼ਮ ਉਸ ਤੱਕ ਪਹੁੰਚ ਗਿਆ।

ਘਟਨਾ ਵਾਲੇ ਦਿਨ ਨਵਨੀਤ ਸਵੇਰੇ ਕਰੀਬ 7.30 ਵਜੇ ਬੈਂਕ ਜਾਣ ਲਈ ਬੱਸ ਸਟਾਪ ‘ਤੇ ਖੜ੍ਹੀ ਸੀ ਅਤੇ ਆਪਣੇ ਭਰਾ ਨਾਲ ਵੀਡੀਓ ਕਾਲ ‘ਤੇ ਗੱਲ ਕਰ ਰਹੀ ਸੀ। ਪਰਿਵਾਰ ਅਨੁਸਾਰ ਉਸ ਨੇ ਕਾਲ ਦੌਰਾਨ ਕਿਹਾ, “ਸ਼ਰਨ ਆ ਗਿਆ ਹੈ” ਅਤੇ ਇਹ ਵੀ ਪੁੱਛਿਆ ਕਿ ਉਹ ਇੱਥੇ ਕਿਉਂ ਆਇਆ ਹੈ, ਜਦਕਿ ਉਸ ‘ਤੇ ਪਹਿਲਾਂ ਹੀ ਪਾਬੰਦੀਆਂ ਲੱਗੀਆਂ ਹੋਈਆਂ ਹਨ। ਇਸ ਤੋਂ ਕੁਝ ਸਕਿੰਟਾਂ ਬਾਅਦ ਫੋਨ ਅਚਾਨਕ ਡਿੱਗ ਗਿਆ ਅਤੇ ਸੰਪਰਕ ਟੁੱਟ ਗਿਆ। ਬਾਅਦ ਵਿੱਚ ਪਰਿਵਾਰ ਨੂੰ ਉਸ ਦੇ ਕਤਲ ਦੀ ਸੂਚਨਾ ਮਿਲੀ।

ਪਰਿਵਾਰ ਨੇ ਸਵਾਲ ਉਠਾਇਆ ਹੈ ਕਿ ਜਦੋਂ ਮੁਲਜ਼ਮ ਖ਼ਿਲਾਫ਼ ਪਹਿਲਾਂ ਹੀ ਪੁਲਿਸ ਸ਼ਿਕਾਇਤ ਦਰਜ ਸੀ ਅਤੇ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਸੀ ਤਾਂ ਉਹ ਖੁੱਲ੍ਹੇਆਮ ਕਿਵੇਂ ਘੁੰਮ ਰਿਹਾ ਸੀ ਅਤੇ ਉਸ ਕੋਲ ਹਥਿਆਰ ਕਿੱਥੋਂ ਆਇਆ। ਉਨ੍ਹਾਂ ਨੇ ਕੈਨੇਡਾ ਸਰਕਾਰ ਤੋਂ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਕੇ ਮੁਲਜ਼ਮ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ। ਨਾਲ ਹੀ ਭਾਰਤ ਸਰਕਾਰ ਕੋਲ ਅਪੀਲ ਕੀਤੀ ਹੈ ਕਿ ਨਵਨੀਤ ਕੌਰ ਦੀ ਮ੍ਰਿਤਕ ਦੇਹ ਜਲਦ ਤੋਂ ਜਲਦ ਭਾਰਤ ਲਿਆਉਣ ਲਈ ਦਖ਼ਲ ਦਿੱਤਾ ਜਾਵੇ। ਪਰਿਵਾਰ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਵੀ ਧਮਕੀਆਂ ਮਿਲ ਚੁੱਕੀਆਂ ਹਨ, ਜਿਸ ਕਾਰਨ ਉਨ੍ਹਾਂ ਨੇ ਆਪਣੀ ਸੁਰੱਖਿਆ ਦੀ ਵੀ ਮੰਗ ਕੀਤੀ ਹੈ।

Leave a Reply

Your email address will not be published. Required fields are marked *