September 8, 2026
ChatGPT Image Jul 28 2026 01 09 19 PM

AI genrated

ਅਬੋਹਰ: ਅਬੋਹਰ ਦੇ ਸਰਾਭਾ ਨਗਰ ਵਿੱਚ ਚੋਰਾਂ ਨੇ ਇੱਕ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਲੱਖਾਂ ਰੁਪਏ ਦੀ ਨਕਦੀ ਅਤੇ ਸੋਨੇ-ਚਾਂਦੀ ਦੇ ਗਹਿਣਿਆਂ ਨਾਲ ਭਰਿਆ ਸੰਦੂਕ ਚੋਰੀ ਕਰ ਲਿਆ। ਹੈਰਾਨੀ ਦੀ ਗੱਲ ਇਹ ਰਹੀ ਕਿ ਘਟਨਾ ਸਮੇਂ ਪਰਿਵਾਰ ਦੇ ਮੈਂਬਰ ਘਰ ਦੇ ਕਮਰੇ ਵਿੱਚ ਸੁੱਤੇ ਹੋਏ ਸਨ, ਪਰ ਉਨ੍ਹਾਂ ਨੂੰ ਚੋਰੀ ਦੀ ਭਿਣਕ ਤੱਕ ਨਹੀਂ ਲੱਗੀ। ਪੀੜਤ ਪਰਿਵਾਰ ਨੇ ਸ਼ੱਕ ਜਤਾਇਆ ਹੈ ਕਿ ਚੋਰਾਂ ਨੇ ਕੋਈ ਨਸ਼ੀਲਾ ਪਦਾਰਥ ਸੁੰਘਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਹੋ ਸਕਦਾ ਹੈ। ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਸਰਾਭਾ ਨਗਰ ਗਲੀ ਨੰਬਰ 8 ਦੇ ਰਹਿਣ ਵਾਲੇ ਕਾਲੀ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਆਪਣਾ ਮਕਾਨ ਵੇਚਿਆ ਸੀ, ਜਿਸ ਦੀ ਰਕਮ ਵਿੱਚੋਂ 2 ਲੱਖ ਰੁਪਏ ਤੋਂ ਵੱਧ ਨਕਦੀ ਲੋਹੇ ਦੇ ਸੰਦੂਕ ਵਿੱਚ ਰੱਖੀ ਹੋਈ ਸੀ। ਇਸ ਤੋਂ ਇਲਾਵਾ ਸੰਦੂਕ ਵਿੱਚ ਪਰਿਵਾਰ ਦੀਆਂ ਔਰਤਾਂ ਅਤੇ ਧੀਆਂ ਦੇ ਮੰਗਲਸੂਤਰ, ਪਾਇਲਾਂ, ਚਾਂਦੀ ਦੀਆਂ ਚੇਨਾਂ ਅਤੇ ਹੋਰ ਸੋਨੇ-ਚਾਂਦੀ ਦੇ ਕੀਮਤੀ ਗਹਿਣੇ ਵੀ ਪਏ ਹੋਏ ਸਨ।

ਪੀੜਤ ਪਰਿਵਾਰ ਮੁਤਾਬਕ ਰਾਤ ਕਰੀਬ 2 ਵਜੇ ਤੋਂ 5 ਵਜੇ ਦੇ ਵਿਚਕਾਰ ਚੋਰ ਘਰ ਵਿੱਚ ਦਾਖਲ ਹੋਏ। ਉਸ ਸਮੇਂ ਕਾਲੀ ਦੀ ਮਾਤਾ ਅਤੇ ਭੈਣ ਉਸੇ ਕਮਰੇ ਵਿੱਚ ਸੁੱਤੇ ਹੋਏ ਸਨ, ਜਿੱਥੇ ਸੰਦੂਕ ਰੱਖਿਆ ਹੋਇਆ ਸੀ। ਚੋਰਾਂ ਨੇ ਸਿਰਫ਼ ਨਕਦੀ ਅਤੇ ਗਹਿਣਿਆਂ ਨਾਲ ਭਰਿਆ ਸੰਦੂਕ ਹੀ ਚੋਰੀ ਕੀਤਾ, ਜਦਕਿ ਘਰ ਦੇ ਹੋਰ ਕਿਸੇ ਵੀ ਸਮਾਨ ਨੂੰ ਹੱਥ ਨਹੀਂ ਲਾਇਆ।

ਸਵੇਰੇ ਜਦੋਂ ਪਰਿਵਾਰਕ ਮੈਂਬਰ ਉੱਠੇ ਅਤੇ ਸੰਦੂਕ ਗਾਇਬ ਦੇਖਿਆ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ। ਇਸ ਚੋਰੀ ਦੀ ਘਟਨਾ ਤੋਂ ਬਾਅਦ ਇਲਾਕਾ ਨਿਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ।

Leave a Reply

Your email address will not be published. Required fields are marked *